ਕੰਪਨੀਆਂ ਗੈਰ ਕਾਨੂੰਨੀ ਕਾਮਿਆਂ ਨੂੰ ਕੰਮ ਤੋਂ ਦੇਣ ਲੱਗੀਆਂ ਜਵਾਬ

ਸਿਆਟਲ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬੀਤੇ ਦਿਨੀਂ ਅਮਰੀਕਾ ਭਰ 'ਚ ਇਮੀਗ੍ਰੇਸ਼ਨ ਵਿਭਾਗ ਵਲੋਂ 7-ਇਲੈਵਨ ਸਟੋਰਾਂ 'ਤੇ ਛਾਪੇ ਮਾਰ ਕੇ 21 ਤੋਂ ਵੱਧ ਗ਼ੈਰ-ਕਾਨੂੰਨੀ ਕਾਮੇ ਫੜੇ ਗਏ ਸਨ, ਤੇ ਹੁਣ ਇਨ੍ਹਾਂ ਛਾਪੇਮਾਰੀਆਂ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਸਿਆਟਲ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ 7-ਇਲੈਵਨ ਸਟੋਰਾਂ 'ਤੇ ਕੰਮ ਕਰਦੇ ਬਿਨ੍ਹਾਂ ਦਸਤਾਵੇਜ਼ਾਂ ਤੋਂ ਕਾਫ਼ੀ ਕਾਮਿਆਂ ਨੂੰ 7-ਇਲੈਵਨ ਸਟੋਰਾਂ ਦੇ ਮਾਲਕਾਂ ਨੇ ਕੰਮ ਤੋਂ ਜਵਾਬ ਦੇ ਦਿੱਤਾ ਹੈ। ਜਾਣਕਾਰੀ ਮੁਤਾਬਿਕ ਛਾਪਿਆਂ ਤੋਂ ਅਗਲੇ ਦਿਨ ਜਦੋਂ ਕਾਮੇ ਕੰਮਾਂ 'ਤੇ ਆਏ ਤਾਂ ਸਟੋਰ ਮਾਲਕਾਂ ਨੇ ਇਨ੍ਹਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀ ਸਖ਼ਤੀ ਕਾਰਨ ਕੰਮ ਤੋਂ ਜਵਾਬ ਦੇ ਦਿੱਤਾ ਕਿਉਂਕਿ 7-ਇਲੈਵਨ ਦੇ ਮਾਲਕ ਕੋਈ ਵੀ ਜ਼ੋਖ਼ਮ ਲੈਣ ਲਈ ਤਿਆਰ ਨਹੀਂ ਹਨ।

ਇਸ ਦੇ ਨਾਲ ਹੀ ਕੱਲ੍ਹ ਇੱਥੇ ਕੁਝ ਗੈਸ ਸਟੇਸ਼ਨਾਂ 'ਤੇ ਵੀ ਇੰਮੀਗ੍ਰੇਸ਼ਨ ਮਹਿਕਮੇ ਦੇ ਸਪੈਸ਼ਲ ਸੈੱਲ ਨੇ ਛਾਪੇ ਮਾਰੇ ਤੇ ਕੁਝ ਵਿਅਕਤੀਆਂ ਨੂੰ ਬਿਨ੍ਹਾਂ ਦਸਤਾਵੇਜ਼ਾਂ ਦੇ ਫੜੇ ਜਾਣ ਦੀਆਂ ਵੀ ਖ਼ਬਰਾਂ ਹਨ। ਸੂਤਰਾਂ ਮੁਤਾਬਿਕ 7-ਇਲੈਵਨ ਤੇ ਗੈਸ ਸਟੇਸ਼ਨਾਂ 'ਤੇ ਛਾਪੇਮਾਰੀ ਤੋਂ ਬਾਅਦ ਹੁਣ ਅਗਲਾ ਨੰਬਰ ਰੈਸਟੋਰੈਂਟਾਂ ਦਾ ਹੈ, ਜਿੱਥੇ ਬਿਨ੍ਹਾਂ ਦਸਤਾਵੇਜ਼ਾਂ ਤੋਂ ਕਾਫ਼ੀ ਕਰਮਚਾਰੀਆਂ ਦੇ ਕੰਮ ਕਰਨ ਦਾ ਸ਼ੱਕ ਇਮੀਗ੍ਰੇਸ਼ਨ ਵਿਭਾਗ ਨੂੰ ਹੈ। ਦੱਸ ਦੇਈਏ ਕਿ 7-ਇਲੈਵਨ, ਗੈਸ ਸਟੇਸ਼ਨ ਤੇ ਰੈਸਟੋਰੈਂਟਾਂ ਦਾ ਜ਼ਿਆਦਾਤਰ ਕਾਰੋਬਾਰ ਪੰਜਾਬੀਆਂ ਕੋਲ ਹੀ ਹੈ। ਇਨ੍ਹਾਂ ਛਾਪਿਆਂ ਨਾਲ ਕਾਰੋਬਾਰੀਆਂ ਵਿਚ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਛਾਪਿਆਂ ਮਗਰੋਂ ਆਈਸੀਈ ਦੇ ਡਿਪਟੀ ਡਾਇਰੈਕਟਰ ਥਾਮਸ ਡੀ ਹੋਮੈਨ ਨੇ ਕਿਹਾ ਕਿ ਇਹ ਛਾਪੇ ਅਮਰੀਕਾ 'ਚ ਬਿਜ਼ਨਸ ਕਰ ਰਹੇ ਉਨ੍ਹਾਂ ਲੋਕਾਂ ਲਈ ਸਖ਼ਤ ਸੰਦੇਸ਼ ਹੈ ਜਿਹੜੇ ਆਪਣੀਆਂ ਕੰਪਨੀਆਂ, ਸਟੋਰਾਂ 'ਤੇ ਕਾਮਿਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਰੱਖ ਲੈਂਦੇ ਹਨ। ਆਈਸੀਈ ਕਾਨੂੰਨ ਦਾ ਪਾਲਨ ਕਰਵਾਏਗਾ ਤੇ ਜਿਹੜਾ ਵੀ ਕੋਈ ਨਿਯਮ ਤੋੜੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਕਾਰੋਬਾਰੀ ਗੈਰ ਕਾਨੂੰਨੀ ਢੰਗ ਨਾਲ ਵਰਕਰਾਂ ਨੂੰ ਹਾਇਰ ਕਰਦੇ ਹਨ, ਪੂਰੀ ਤਰ੍ਹਾਂ ਨਾਲ ਗ਼ਲਤ ਹੈ, ਅਸੀਂ ਇਸ ਪਰੰਪਰਾ ਨੂੰ ਖ਼ਤਮ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਾਂ। ਆÂਂੀਸੀਈ ਅਮਰੀਕੀਆਂ ਲਈ ਨੌਕਰੀਆਂ ਸੁਰੱਖਿਅਤ ਰੱਖਣ ਅਤੇ ਗੈਰ ਕਾਨੂੰਨੀ ਇਮੀਗ੍ਰੇੇਸ਼ਨ ਨੂੰ ਰੋਕਣ ਲਈ ਕੋਸ਼ਿਸ਼ ਕਰਦੀ ਹੈ।

ਹੋਰ ਖਬਰਾਂ »