ਠੱਗ ਖ਼ੁਦ ਨੂੰ ਇਨਕਮ ਟੈਕਸ ਅਧਿਕਾਰੀ ਦੱਸ ਕੇ ਕਰਦੇ ਨੇ ਫਰਜ਼ੀ ਕਾਲਾਂ

ਸਿਆਟਲ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਸਾਲ ਭਾਰਤੀ ਕਾਲ ਸੈਂਟਰਾਂ ਵਿੱਚੋਂ ਫੋਨ ਕਰਕੇ ਅਮਰੀਕਾ, ਕੈਨੇਡਾ ਸਣੇ ਕਈ ਦੇਸ਼ਾਂ ਤੋਂ ਕਰੋੜਾਂ ਡਾਲਰ ਦੀ ਫਰਜ਼ੀ  ਵਸੂਲੀ ਦਾ ਘੋਟਾਲਾ ਸਾਹਮਣੇ ਆਇਆ ਹੈ, ਤੇ ਇਸ ਮਾਮਲੇ 'ਚ ਭਾਰਤ, ਅਮਰੀਕਾ 'ਚ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਸਨ। ਪਰ ਹਾਲੇ ਵੀ ਅਜਿਹੀਆਂ ਫਰਜ਼ੀ ਫੋਨ ਕਾਲਾਂ ਦਾ ਸਿਲਸਿਲਾ ਜਾਰੀ ਹੈ। ਅਜਿਹੇ 'ਚ ਸਿਆਟਲ ਦੇ ਪ੍ਰਸਿੱਧ ਅਕਾਊਂਟੈਂਟ ਮਹਿੰਦਰ ਸਿੰਘ ਸੋਹਲ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਫਰਜ਼ੀ ਫੋਨ ਕਾਲਾਂ, ਜੋ ਕਿ ਇਨਕਮ ਟੈਕਸ ਮਹਿਕਮੇ ਤੋਂ ਦੱਸ ਕੇ ਕਰਦੇ ਹਨ, ਤੋਂ ਬਚ ਕੇ ਰਹਿਣ, ਕਿਉਂਕਿ ਇਹ ਕਾਲਾਂ ਬਿਲਕੁਲ ਜਾਅਲੀ ਹਨ। ਜੋ ਲੋਕਾਂ ਨੂੰ ਬੇਵਕੂਫ਼ ਬਣਾ ਕੇ ਹਜ਼ਾਰਾਂ ਡਾਲਰਾਂ ਦਾ ਚੂਨਾ ਲਾ ਦਿੰਦੇ ਹਨ। ਸ. ਸੋਹਲ ਨੇ ਦੱਸਿਆ ਕਿ ਇਨਕਮ ਟੈਕਸ ਮਹਿਕਮਾ ਕਦੇ ਵੀ ਫੋਨ ਕਾਲ ਨਹੀਂ ਕਰਦਾ ਅਤੇ ਨਾ ਹੀ ਟੈਕਸ ਮੈਸੇਜ਼ ਕਰਦਾ ਹੈ। ਉਹ ਸਿਰਫ਼ ਚਿੱਠੀ-ਪੱਤਰ ਰਾਹੀਂ ਹੀ ਗਾਹਕ ਨਾਲ ਸੰਪਰਕ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵਿਅਕਤੀ ਨੂੰ ਅਜਿਹੀ ਫਰਜ਼ੀ ਫੋਨ ਕਾਲ ਆਉਂਦੀ ਹੈ ਤਾਂ ਉਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਪਿੱਛਲੇ ਜਿਹੀ ਭਾਰਤੀ ਕਾਲ ਸੈਂਟਰਾਂ ਵਿੱਚੋਂ ਫੋਨ ਕਰਕੇ ਅਮਰੀਕੀਆਂ ਸਣੇ ਹੋਰ ਦੇਸ਼ਾਂ 'ਚ ਬੈਠੇ ਪੰਜਾਬੀਆਂ ਤੇ ਭਾਰਤੀਆਂ ਤੋਂ ਕਰੋੜਾਂ ਡਾਲਰ ਦੀ ਫਰਜ਼ੀ ਵਸੂਲੀ ਦਾ ਘੋਟਾਲਾ ਸਾਹਮਣੇ ਆਇਆ ਸੀ। ਇੱਕ ਅਨੁਮਾਨ ਮੁਤਾਬਿਕ  ਪ੍ਰਤੀ ਕਾਲ 300 ਡਾਲਰ ਤੋਂ ਲੈ ਕੇ  2000 ਡਾਲਰ ਤੱਕ ਮੰਗ ਕੀਤੀ ਗਈ। ਐਫਟੀਸੀ  ਨੇ ਕੈਲੇਫੋਰਨੀਆਂ ਸਥਿਤ ਦੋ ਕੰਪਨੀਆਂ  ਨੂੰ ਬੰਦ ਵੀ ਕਰ ਦਿੱਤਾ ਸੀ ਜਿਨ੍ਹਾਂ ਨੇ ਇੱਕ ਭਾਰਤੀ ਕਾਲ ਸੈਂਟਰ ਦੇ ਜ਼ਰੀਏ ਅਮਰੀਕੀ ਲੋਕਾਂ ਨੂੰ 50 ਲੱਖ ਤੋਂ ਜ਼ਿਆਦਾ ਦਾ ਚੂਨਾ ਲਾਇਆ ਸੀ।

ਹੋਰ ਖਬਰਾਂ »