ਰਮਿੰਦਰ ਸਿੰਘ ਦੀ ਯੂ.ਕੇ. ਹਵਾਲਗੀ ਲਈ ਯਤਨ ਜਾਰੀ

ਲੰਡਨ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਤਕਰੀਬਨ 6 ਸਾਲ ਪਹਿਲਾਂ ਸਕਾਟਲੈਂਡ ਵਿਚ ਬਲਾਤਕਾਰ ਤੇ ਇਰਾਦਾ ਕਤਲ ਦੇ ਸ਼ੱਕੀ ਪੰਜਾਬੀ ਮੂਲ ਦੇ ਰਮਿੰਦਰ ਸਿੰਘ (28) ਵਲੋਂ ਭਾਰਤ ਫ਼ਰਾਰ ਹੋ ਜਾਣ ਦੇ ਮਾਮਲੇ 'ਚ ਉਸ ਨੂੰ ਅਦਾਲਤੀ ਸੁਣਵਾਈ ਲਈ ਸਕਾਟਲੈਂਡ ਲੈ ਕੇ ਆਉਣ ਦੀ ਕਾਰਵਾਈ ਜਾਰੀ ਹੈ, ਜਿਸ ਨੇ ਦਾਅਵਾ ਕੀਤਾ ਕਿ ਇਹ ਜਿਣਸੀ ਸਬੰਧ ਆਪਸੀ ਸਹਿਮਤੀ ਨਾਲ ਬਣਾਏ ਗਏ ਸਨ। ਰਮਿੰਦਰ ਸਿੰਘ ਜੋ 2012 ਵਿਚ ਭਾਰਤ ਆ ਗਿਆ ਸੀ, ਉਸ ਵਿਰੁੱਧ ਯੂ.ਕੇ. ਵਿਚ ਦੋ ਜਿਣਸੀ ਹਮਲਿਆਂ ਤੇ ਇਕ ਇਰਾਦਾ ਕਤਲ ਦੇ ਦੋਸ਼ਾਂ ਤਹਿਤ ਅਦਾਲਤੀ ਕਾਰਵਾਈ ਚੱਲਣੀ ਹੈ। ਉਸ ਵਿਰੁੱਧ ਦੋਸ਼ ਹੈ ਕਿ ਉਸ ਨੇ ਐਡਿਨਬਰਾ ਵਿਚ ਇਕ ਔਰਤ 'ਤੇ ਗੰਭੀਰ ਜਿਣਸੀ ਹਮਲਾ ਤੇ ਜਬਰ ਜਨਾਹ ਕੀਤਾ ਸੀ ਤੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਕੁੱਟਮਾਰ ਕਰਕੇ ਛੱਡ ਗਿਆ ਸੀ। ਇਸ 23 ਸਾਲਾ ਪੀੜਤਾ ਨੂੰ ਪਿਲਰਿਗ ਪਾਰਕ ਵਿਚ ਖ਼ੂਨ ਨਾਲ ਲਿੱਬੜੀ ਤੇ ਬੇਹੋਸ਼ੀ ਦੀ ਹਾਲਤ 'ਚ ਪਾਇਆ ਗਿਆ ਸੀ। ਰਮਿੰਦਰ ਸਿੰਘ ਵਿਰੁੱਧ ਜੁਲਾਈ 2012 ਦੀ ਘਟਨਾ ਤੋਂ ਇਕ ਹਫ਼ਤਾ ਪਹਿਲਾਂ ਇਕ ਹੋਰ 27 ਸਾਲਾ ਔਰਤ ਨਾਲ ਜਬਰ ਜਨਾਹ ਤੇ ਹਿੰਸਕ ਹਮਲਾ ਕਰਨ ਦੇ ਦੋਸ਼ ਵੀ ਦਰਜ ਹਨ। ਦੱਸ ਦੇਈਏ ਕਿ ਰਮਿੰਦਰ ਸਿੰਘ 2009 ਵਿਚ ਵਿਦਿਆਰਥੀ ਵੀਜ਼ੇ 'ਤੇ ਪੰਜਾਬ ਤੋਂ ਸਕਾਟਲੈਂਡ ਆਇਆ ਸੀ, ਜਿਸ ਨੇ ਹਾਸਪੀਟੈਲਿਟੀ ਦਾ ਡਿਪਲੋਮਾ ਕੀਤਾ ਸੀ। ਰਮਿੰਦਰ ਨੂੰ 2015 ਵਿਚ ਪੱਛਮੀ ਦਿੱਲੀ ਵਿਚ ਅਲੀਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਉਹ ਕਿਸੇ ਨੂੰ ਮਿਲਣ ਗਿਆ ਸੀ। ਉਸ ਦੀ ਜ਼ਮਾਨਤ ਸਬੰਧੀ ਸੁਣਵਾਈ ਦੌਰਾਨ ਉਸ ਦੇ ਵਕੀਲਾਂ ਨੇ ਇਹ ਦਾਅਵਾ ਕੀਤਾ ਸੀ ਤੇ ਇਸ ਮਾਮਲੇ ਨੂੰ ਭਾਰਤ ਅਤੇ ਯੂ. ਕੇ. ਦੀ ਹਵਾਲਗੀ ਸਬੰਧੀ ਸੰਧੀ ਤਹਿਤ ਨਾ ਆਉਣ ਦਾ ਦਾਅਵਾ ਵੀ ਕੀਤਾ ਸੀ। ਪਰ ਸਰਕਾਰੀ ਪੱਖ ਦੇ ਦਾਅਵਿਆਂ ਵਿਚ ਇਸ ਨੂੰ ਗੰਭੀਰ ਅਪਰਾਧ ਦੱਸਦਿਆਂ ਹਵਾਲਗੀ ਸਬੰਧੀ ਕਾਰਵਾਈ ਨੂੰ ਸਹੀ ਦੱਸਿਆ ਗਿਆ ਜਿਸ ਕਰ ਕੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਹੋਰ ਖਬਰਾਂ »