ਨਵੀਂ ਦਿੱਲੀ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਏਅਰਸੈਲ ਮੈਕਸਿਸ ਮਾਮਲੇ 'ਚ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਪੀ.ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਦਿੱਲੀ ਤੇ ਚੇਨਈ ਵਿਖੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਦਿੱਲੀ ਅਤੇ ਚੇਨਈ 'ਚ ਕਾਰਤੀ ਦੇ ਠਿਕਾਣਿਆਂ 'ਤੇ ਹੋਈ। ਛਾਪੇਮਾਰੀ ਮਗਰੋਂ ਉਨ੍ਹਾਂ ਦੇ ਪਿਤਾ ਪੀ. ਚਿਦੰਬਰਮ ਨੇ ਦੱਸਿਆ ਕਿ ਈਡੀ ਨੂੰ ਇਸ ਛਾਪੇਮਾਰੀ 'ਚ ਕੁੱਝ ਵੀ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਸੀਬੀਆਈ ਸਣੇ ਕਿਸੇ ਵੀ ਜਾਂਚ ਏਜੰਸੀ ਨੇ ਹਾਲੇ ਤੱਕ ਕੋਈ ਐਫਆਈਆਰ ਦਰਜ ਨਹੀਂ ਕੀਤੀ ਹੈ। ਪੀ. ਚਿਦੰਬਰਮ ਨੇ ਕਿਹਾ ਕਿ ਜਦੋਂ ਛਾਪੇਮਾਰੀ ਚੱਲ ਰਹੀ ਸੀ ਤਾਂ ਉਦੋਂ ਮੈਂ ਘਰ 'ਚ ਮੌਜੂਦ ਸੀ। ਉਨ੍ਹਾਂ ਕਿਹਾ ਕਿ ਈ.ਡੀ. ਦੇ ਅਧਿਕਾਰੀਆਂ ਨੇ ਘਰ 'ਚ ਕਿਚਨ ਤੋਂ ਲੈ ਕੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ ਪਰ ਉਨ੍ਹਾਂ ਨੂੰ ਕੁੱਝ ਵੀ ਨਹੀਂ ਮਿਲਿਆ। ਚਿਦੰਬਰਮ ਨੇ ਕਿਹਾ ਕਿ ਈਡੀ ਗ਼ਲਤੀ ਨਾਲ ਦਿੱਲੀ ਦੇ ਜੰਗਪੁਰ 'ਚ ਸਥਿਤ ਘਰ 'ਤੇ ਆਈ, ਜਦੋਂਕਿ ਉਨ੍ਹਾਂ ਨੇ ਚੇਨਈ ਸਥਿਤ ਘਰ 'ਤੇ ਜਾਣਾ ਸੀ। ਚਿਦੰਬਰਮ ਮੁਤਾਬਿਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਕਾਰਤੀ ਚਿਦੰਬਰਮ ਇਸ ਘਰ 'ਚ ਹੈ ਪਰ ਉਹ ਇੱਥੇ ਨਹੀਂ ਮਿਲਿਆ।

ਦੱਸ ਦੇਈਏ ਕਿ ਕਾਰਤੀ ਚਿਦੰਬਰਮ ਨੂੰ 11 ਜਨਵਰੀ ਨੂੰ 2ਜੀ ਘੋਟਾਲੇ ਨਾਲ ਜੁੜੇ ਏਅਰਸੈਲ ਮੈਕਸਿਸ ਡੀਲ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਫਟਕਾਰ ਵੀ ਲਾਈ ਸੀ। ਉਥੇ ਹੀ ਪਿਛਲੇ ਸਾਲ ਸਤੰਬਰ 'ਚ ਵੀ ਈਡੀ ਨੇ ਛਾਪੇ ਮਾਰ ਕੇ ਕਾਰਤੀ ਚਿਦੰਬਰਮ ਦੀ ਦਿੱਲੀ ਅਤੇ ਚੇਨਈ 'ਚ ਕਈ ਸੰਪਤੀਆਂ ਜ਼ਬਤ ਕੀਤੀਆਂ ਸੀ। ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੇਕਟਰੋਟ ਨੇ ਇਸ ਮਹੀਨੇ ਕਾਰਤੀ ਚਿਦੰਬਰ ਨੂੰ ਆਈਐਨਐਕਸ ਮੀਡੀਆ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਤਲਬ ਕੀਤਾ ਸੀ। ਇਸ ਤੋਂ ਇਲਾਵਾ ਕੇਂਦਰੀ ਜਾਂਚ ਏਜੰਸੀ ਨੇ ਕਾਰਤੀ ਅਤੇ ਹੋਰਾਂ ਵਿਰੁੱਧ ਪਿਛਲੇ ਸਾਲ ਮਈ 'ਚ ਮਾਮਲਾ ਦਰਜ ਕੀਤਾ ਸੀ।

ਹੋਰ ਖਬਰਾਂ »