ਪਿਤਾ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ

ਟੈਕਸਾਸ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਟੈਕਸਾਸ ਦੇ ਡਲਾਸ ਵਿੱਚ ਇਕ ਪਿਤਾ ਨੂੰ ਆਪਣੀ 3 ਸਾਲ ਦੀ ਭਾਰਤੀ ਮੂਲ ਦੀ ਬੱਚੀ ਸ਼ੈਰਿਨ ਮੈਥਿਊ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਵੇਸਲੇ ਮੈਥਿਊ ਨਾਂਅ ਦੇ ਇਸ ਵਿਅਕਤੀ ਨੇ ਭਰਾਤ ਦੇ ਅਨਾਥ ਆਸ਼ਰਮ ਤੋਂ ਬੱਚੀ ਨੂੰ ਗੋਦ ਲਿਆ ਸੀ। ਗੋਦ ਲੈਣ ਦੇ ਇੱਕ ਸਾਲ ਬਾਅਦ ਹੀ ਬੱਚੀ ਦੀ ਹੱਤਿਆ ਕਰ ਦਿੱਤੀ ਗਈ। ਵੇਸਲੇ ਨੂੰ ਹੱਤਿਆ ਕਰਨ ਅਤੇ ਸਬੂਤਾਂ ਨਾਲ ਛੇੜਖਾਨੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਉਸ ਉੱਤੇ ਪਹਿਲਾਂ ਹੀ ਬੱਚੀ ਨੂੰ ਸੱਟ ਪਹੁੰਚਾਉਣ ਦਾ ਵੀ ਦੋਸ਼ ਹੈ। ਡਲਾਸ ਅਦਾਲਤ ਤੋਂ ਮੈਥਿਊ ਨੂੰ ਇਸ ਮਾਮਲੇ ਵਿੱਚ ਮੌਤ ਦੀ ਸਜ਼ਾ ਮਿਲ ਸਕਦੀ ਹੈ। ਦੋਸ਼ੀ ਨੇ ਸ਼ੁਰੂਆਤ ਵਿੱਚ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਆਪਣੀ ਧੀ ਨੂੰ ਰਾਤ ਨੂੰ ਦਰਖਤ ਹੇਠ ਖੜੇ ਹੋਣ ਦੀ ਸਜ਼ਾ ਦਿੱਤੀ ਸੀ ਜਿਸ ਤੋਂ ਬਾਅਦ ਉਹ ਗਾਇਬ ਹੋ ਗਈ। ਪੁਲਿਸ ਨੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਪਰ ਬੱਚੀ ਦਾ ਕੋਈ ਪਤਾ ਨਹੀਂ ਲੱਗਿਆ। ਇਸਤੋਂ ਬਾਅਦ ਦੋਸ਼ੀ ਦੇ ਘਰ ਦੇ ਕੋਲ ਇੱਕ ਨਾਲੇ 'ਚੋਂ ਬੱਚੀ ਦੀ ਲਾਸ਼ ਮਿਲੀ ਸੀ। ਮੈਡੀਕਲ ਰਿਪੋਰਟ ਵਿੱਚ ਇਹ ਗੱਲ ਸਾਬਤ ਹੋਈ ਸੀ ਕਿ ਬੱਚੀ ਦੀ ਮੌਤ ਘਾਤਕ ਹੱਥਿਆਰ ਨਾਲ ਹੋਈ ਹੈ। ਸ਼ੁਰੂਆਤੀ ਜਾਂਚ ਵਿੱਚ ਮੈਥਿਊ ਨੇ ਪੁਲਿਸ ਨੂੰ ਦੱਸਿਆ ਕਿ ਸ਼ੈਰਿਨ ਕੁਪੋਸ਼ਣ ਦਾ ਸ਼ਿਕਾਰ ਸੀ। ਇਸੇ ਕਾਰਨ ਉਸ ਲਈ ਇਕ ਖਾਸ ਡਾਈਟ ਬਣਾਈ ਗਈ ਸੀ ਜਿਸ ਵਿੱਚ ਉਹ ਜਦ ਵੀ ਜਾਗੇ ਉਸ ਨੂੰ ਕੁਝ ਨਾ ਕੁਝ ਖਾਣ ਨੂੰ ਦੇਣਾ ਸੀ ਜਿਸ ਨਾਲ ਉਸ ਦਾ ਵਜ਼ਨ ਵੱਧ ਸਕੇ। ਇਸ ਲਈ ਉਹ ਘਰ ਦੇ ਗੈਰਾਜ ਵਿੱਚ ਜ਼ਬਰਦਸਤੀ ਸ਼ੈਰਿਨ ਨੂੰ ਦੁੱਧ ਪਿਲਾ ਰਿਹਾ ਸੀ ਜਿਸ ਕਾਰਨ ਉਸ ਦੇ ਗਲੇ 'ਚ ਦੁੱਧ ਅਟਕ ਗਿਆ ਅਤੇ ਉਸ ਨੂੰ ਖੰਘ ਆਉਣ ਲੱਗੀ। ਉਸ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਬੱਚੀ ਦੇ ਦਿਲ ਦੀਆਂ ਧੜਕਣਾਂ ਰੁਕ ਗਈਆਂ ਹਨ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਲਾਸ਼ ਨੂੰ ਬਾਹਰ ਸੁੱਟ ਦਿੱਤਾ। ਹਾਲਾਂਕਿ ਅਦਾਲਤ ਦਾ ਮੰਨਣਾ ਹੈ ਕਿ ਮੈਥਿਊ ਨੇ ਕਿਸੇ ਘਾਤਕ ਹੱਥਆਿਰ ਨਾਲ ਬੱਚੀ ਦੀ ਹੱਤਿਆ ਕੀਤੀ ਹੈ। 35 ਸਾਲਾ ਦੋਸ਼ੀ ਨੂੰ 1 ਮਿਲੀਅਨ ਯੂਐਸ ਡਾਲਰ ਦੇ ਬੌਂਡ ਤੇ ਡਲਾਸ ਦੀ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਉਸ ਦੀ35 ਸਾਲਾਂ ਦੀ ਪਤਨੀ ਸੀਨੀ ਮੈਥਿਊ ਨੂੰ ਵੀ ਬੱਚੀ ਨਾਲ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਸਿਨੀ ਦਾ ਕਹਿਣਾ ਹੈ ਕਿ ਸ਼ੈਰਿਨ ਦੀ ਹੱਤਿਆ ਵਿੱਚ ਉਸ ਦਾ ਕੋਈ ਹੱਥ ਨਹੀਂ ਹੈ।

ਹੋਰ ਖਬਰਾਂ »