ਪੀਲ ਪੁਲਿਸ ਨੇ ‘ਸੈਕਿੰਡ ਡਿਗਰੀ ਮਰਡਰ’ ਦੇ ਚਾਰਜ ਲਾਉਂਦਿਆਂ ਕੀਤਾ ਗ੍ਰਿਫਤਾਰ

ਬਰੈਂਪਟਨ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ 'ਚ ਇਕ 29 ਸਾਲਾ ਪੰਜਾਬੀ ਦਲਵਿੰਦਰ ਸਿੰਘ ਨੇ ਆਪਣੀ ਪਤਨੀ ਅਤੇ ਸੱਸ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੀਲ ਪੁਲਿਸ ਨੇ ਦਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ’ਤੇ ‘ਸੈਕਿੰਡ ਡਿਗਰੀ ਮਰਡਰ’ ਦੇ ਚਾਰਜ ਲਾਏ ਹਨ। ਦੱਸ ਦੇਈਏ ਕਿ ਮ੍ਰਿਤਕ ਬਲਜੀਤ ਕੌਰ (32 ਸਾਲਾ) 2007 ਵਿਚ ਕੈਨੇਡਾ ਗਈ ਸੀ ਅਤੇ ਕਰੀਬ ਦੋ ਸਾਲ ਪਹਿਲਾਂ ਹੀ ਉਸਦਾ ਵਿਆਹ ਜਲੰਧਰ ਦੇ ਪਿੰਡ ਸਮਰਾਵਾਂ ਦੇ ਰਹਿਣ ਵਾਲੇ ਦਲਵਿੰਦਰ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦਾ ਇਕ ਅੱਠ ਮਹੀਨਿਆਂ ਦਾ ਪੁੱਤਰ ਵੀ ਹੈ। ਦੋ ਸਾਲ ਪਹਿਲਾਂ ਹੀ ਬਲਜੀਤ ਕੌਰ ਦੇ ਪਿਤਾ ਸਰਪੰਚ ਸਿੰਘ ਅਤੇ ਉਸ ਦੀ ਮਾਤਾ ਅਵਤਾਰ ਕੌਰ ਵੀ ਆਪਣੀ ਧੀ ਬਲਜੀਤ ਕੌਰ ਕੋਲ ਕੈਨੇਡਾ ਚਲੇ ਗਏ ਅਤੇ ਉਥੇ ਹੀ ਰਹਿਣ ਲੱਗੇ। ਹਰ ਘਰ ਦੀ ਤਰ੍ਹਾਂ ਉਨ੍ਹਾਂ ਦੇ ਘਰ ਵੀ ਲੜਾਈ-ਝਗੜਾ ਚਲਦਾ ਰਹਿੰਦਾ ਸੀ, ਪਰ ਇਹ ਲੜਾਈ-ਝਗੜਾ ਐਨਾ ਵੱਧ ਗਿਆ ਕਿ ਬੀਤੇ ਦਿਨ ਬਲਜੀਤ ਦੇ ਪਤੀ ਦਲਵਿੰਦਰ ਸਿੰਘ ਨੇ ਆਪਣੀ ਪਤਨੀ ਅਤੇ ਸੱਸ ਅਵਤਾਰ ਕੌਰ ਦਾ ਚਾਕੂ ਮਾਰਕੇ ਕਤਲ ਕਰ ਦਿੱਤਾ।

ਦੋਵੇਂ ਮ੍ਰਿਤਕਾਂ ਪੰਜਾਬ ਦੇ ਸ਼ਹਿਰ ਨਵਾਂਸ਼ਹਿਰ ਦੇ ਪਿੰਡ ਛੋਕਰਾਂ ਦੀਆਂ ਵਾਸੀ ਸਨ। ਪੰਜਾਬ ਰਹਿੰਦੇ ਮ੍ਰਿਤਕ ਅਵਤਾਰ ਕੌਰ ਦੇ ਪੁੱਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਕੁਲਦੀਪ ਸਿੰਘ ਨੇ ਉਨ੍ਹਾਂ ਨੂੰ ਕੈਨੇਡਾ ਤੋਂ ਫੋਨ ਕਰਕੇ ਇਸ ਘਟਨਾ ਦੀ ਖਬਰ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਉਹ ਕੰਮ ਤੇ ਗਿਆ ਹੋਇਆ ਸੀ ਤਾਂ ਉਸ ਪਿਛੋਂ ਹੀ ਉਨ੍ਹਾਂ ਦੇ ਜਵਾਈ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਪੁਲਿਸ ਵੱਲੋਂ ਦਿੱਤੀ ਸੂਚਨਾ ਉਪਰੰਤ ਜਦੋਂ ਉਹ ਘਰ ਪਰਤਿਆ ਤਾਂ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਜਦੋਂ ਦੋਸ਼ੀ ਇਸ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਤਾਂ ਉਨ੍ਹਾਂ ਦਾ ਅੱਠ ਮਹੀਨਿਆਂ ਦਾ ਬੱਚਾ ਵੀ ਘਰ 'ਚ ਮੌਜੂਦ ਸੀ। ਉਧਰ ਨਵਾਂਸ਼ਹਿਰ ਤੋਂ ਬਲਕਾਰ ਸਿੰਘ ਨੇ ਹਮਦਰਦ ਟੀਵੀ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਨਵਾਂਸ਼ਹਿਰ ਸਥਿਤ ਮ੍ਰਿਤਕਾਂ ਦੇ ਘਰ 'ਚ ਅੱਠ ਮਹੀਨਿਆਂ ਦੇ ਬੱਚੇ ਦੀ ਪਹਿਲੀ ਲੋਹੜੀ ਦੇ ਜਸ਼ਨ ਦੀਆਂ ਤਿਆਰੀਆਂ ਸਨ ਅਤੇ ਉਹ ਜਸ਼ਨ ਉਸ ਸਮੇਂ ਫਿੱਕਾ ਪੈ ਗਿਆ ਜਦੋਂ ਉਨ੍ਹਾਂ ਕੋਲ ਇਹ ਮੰਦਭਾਗੀ ਘਟਨਾ ਪਹੁੰਚੀ। ਉਧਰ ਪੀਲ ਪੁਲਿਸ ਨੇ ਵੀ ਹਮਦਰਦ ਟੀ.ਵੀ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦੋਸ਼ੀ ਦਲਵਿੰਦਰ ਸਿੰਘ ਨੂੰ ਸੈਕਿੰਡ ਡਿਗਰੀ ਮਰਡਰ ਦਾ ਦੋਸ਼ੀ ਕਰਾਰ ਦਿੰਦਿਆਂ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਹੱਤਿਆ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

ਹੋਰ ਖਬਰਾਂ »