ਨਿੱਕੀ ਹੈਲੀ ਦੇ ਨਾਂ ’ਤੇ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਮੋਹਰ ਲਾ ਰਹੇ ਨੇ ਸੰਯੁਕਤ ਰਾਸ਼ਟਰ ਦੇ ਅੰਬੈਸਡਰ

ਸੰਯੁਕਤ ਰਾਸ਼ਟਰ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਰਾਸ਼ਟਰਪਤੀ ਦੀ ਦੌੜ ਵਿੱਚ 2020 ਜਾਂ 2024 ਤੱਕ ਕੋਈ ਭਾਰਤੀ ਮੂਲ ਦਾ ਵਿਅਕਤੀ ਸ਼ਾਮਲ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਵਿੱਚ ਆਪਣੇ ਇੱਕ ਸਾਲ ਦੇ ਕੰਮ ਨਾਲ ਹੀ ਭਾਰਤੀ ਮੂਲ ਦੀ ਅਮਰੀਕੀ ਸਿਆਸਤਦਾਨ ਨਿੱਕੀ ਹੈਲੀ ਸਟਾਰ ਬਣ ਚੁੱਕੀ ਹੈ। ਨਿੱਕੀ ਹੈਲੀ ਦਾ ਨਾਂ ਰਾਸ਼ਟਰਪਤੀ ਦੇ ਰੂਪ ਵਿੱਚ ਤਦ ਤੋਂ ਆਉਣ ਲੱਗਾ ਜਦੋਂ ਤੋਂ ਉਸ ਨੇ ਯਰੂਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦੇਣ ਦੇ ਟਰੰਪ ਦੇ ਫੈਸਲੇ ਦਾ ਬਚਾਅ ਕੀਤਾ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਲਿਖੀ ਗਈ ਕਿਤਾਬ ‘ਫਾਇਰ ਐਂਡ ਫਰੀ’ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ ਕਿ 45 ਸਾਲਾ ਭਾਰਤੀ ਮੂਲ ਦੀ ਨਿੱਕੀ ਹੈਲੀ 2020 ਵਿੱਚ ਹੋਣ ਵਾਲੀਆਂ ਵਾਈਟ ਹਾਊਸ ਦੀਆਂ ਚੋਣਾਂ ਵਿੱਚ ਲੜਨਾ ਚਾਹੁੰਦੀ ਹੈ। ਨਿੱਕੀ ਹੈਲੀ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਅੰਬੈਸਡਰ ਹੈ। 45 ਸਾਲ ਦੀ ਨਿੱਕੀ ਹੈਲੀ ਨੇ ਯੂਐਨ ਸਿਕਿਓਰਿਟੀ ਕੌਂਸਲ ਵਿੱਚ ਇਜ਼ਰਾਈਲ ਰਾਜਧਾਨੀ ’ਤੇ ਹੋ ਰਹੀਆਂ ਆਲੋਚਨਾਵਾਂ ’ਤੇ ਵੀਟੋ ਦੀ ਵਰਤੋਂ ਕੀਤੀ ਅਤੇ ਅਮਰੀਕਾ ਵਿਰੁੱਧ ਵੋਟ ਪਾਉਣ ਵਾਲਿਆਂ ਨੂੰ ਅੰਜਾਮ ਭੁਗਤਣ ਤੱਕ ਦੀ ਧਮਕੀ ਦਿੱਤੀ।

ਸੰਯੁਕਤ ਰਾਸ਼ਟਰ ਦੇ ਰਾਜਦੂਤਾਂ (ਅੰਬੈਸਡਰਸ) ਦਾ ਮੰਨਣਾ ਹੈ ਕਿ ਨਿੱਕੀ ਹੈਲੀ ਇੱਕ ਦੂਤ ਨਹੀਂ, ਸਗੋਂ ਨੇਤਾ ਹੈ ਅਤੇ ਸੰਯੁਕਤ ਰਾਸ਼ਟਰ ਵਿੱਚ ਉਹ ਅਮਰੀਕਾ ਦੇ ਲੋਕਾਂ ਨੂੰ ਸੰਬੋਧਨ ਕਰ ਰਹੀ ਸੀ। ਕੌਂਸਲ ਦੇ ਇੱਕ ਸਫੀਰ ਨੇ ਕਿਹਾ ਕਿ ਨਿੱਕੀ ਜਨਰਲ ਅਸੈਂਬਲੀ ਵਿੱਚ ਵੋਟ ਜਿੱਤਣ ਲਈ ਨਹੀਂ ਬੋਲ ਰਹੀ ਸੀ, ਸਗੋਂ ਉਹ 2020 ਅਤੇ 2024 ਲਈ ਵੋਟਾਂ ਬਣਾਂ ਰਹੀ ਸੀ। ਦੱਖਣੀ ਕੈਰੇਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੈਲੀ ਪਿਛਲੇ ਸਾਲ ਹੀ ਸੰਯੁਕਤ ਰਾਸ਼ਟਰ ਪਹੁੰਚੀ ਹੈ। ਉਸ ਨੇ ਟਰੰਪ ਦੀ ‘ਅਮਰੀਕਾ ਪਹਿਲਾਂ’ ਨੀਤੀ ਨੂੰ ਨਵੀਂ ਸ਼ੁਰੂਆਤ ਦੱਸਿਆ ਸੀ। ਇੱਕ ਹੋਰ ਕੌਂਸਲ ਡਿਪਲੋਮੈਟ ਨੇ ਕਿਹਾ ਕਿ ਸਭ ਤੋਂ ਵੱਧ ਮਹੱਤਵ ਇਹ ਰੱਖਦਾ ਹੈ ਕਿ ਅਮਰੀਕਾ ਵਿੱਚ ਉਨ੍ਹਾਂ ਨੂੰ ਲੈ ਕੇ ਕਈ ਮੰਨਣਾ ਅਤੇ ਕੀ ਸੋਚ ਹੈ। ਨਿੱਕੀ ਹੈਲੀ ਨੇ ਆਪਣੀਆਂ ਸਿਆਸੀ ਇੱਛਾਵਾਂ ਨਾਲ ਜੁੜੇ ਸਵਾਲਾਂ ਨੂੰ ਟਾਲਦੇ ਹੋਏ ਕਿਹਾ ਕਿ ਉਹ ਅਜੇ ਆਪਣੇ ਕੰਮ ਵਿੱਚ ਲੱਗੀ ਹੋਈ ਹੈ।    

ਹੋਰ ਖਬਰਾਂ »

ਅੰਤਰਰਾਸ਼ਟਰੀ