ਨਵੀਂ ਦਿੱਲੀ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਦੇ ਉਸ ਕਦਮ ਦਾ ਵਿਰੋਧ ਕੀਤਾ ਹੈ, ਜਿਸ ਵਿੱਚ ਕੰਮ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਨਰੰਗੀ ਕਵਰ ਵਾਲੇ ਪਾਸਪੋਰਟ ਜਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਭੇਦਭਾਵ ਭਰਿਆ ਕਦਮ ਹੈ। ਹੁਣ ਤੱਕ ਸਾਰੇ ਤਰ੍ਹਾਂ ਦੇ ਭਾਰਤੀ ਪਾਸਪੋਰਟ ਨੀਲੇ ਰੰਗ ਦੇ ਹੁੰਦੇ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਕੰਮ ਦੀ ਭਾਲ ਵਿੱਚ ਵਿਦੇਸ਼ ਜਾਣ ਵਾਲੇ ਭਾਰਤੀ ਕਾਮਿਆਂ ਨਾਲ ਕੀਤਾ ਜਾ ਰਿਹਾ ਇਹ ਭੇਦਭਾਵ ਭਰਿਆ ਕਦਮ ਸਵੀਕਾਰ ਕਰਨ ਯੋਗ ਨਹੀਂ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ’ਤੇ ਕਿਹਾ ਕਿ ਇਸ ਨਾਲ ਭਾਜਪਾ ਦੀ ਭੇਦਭਾਵਪੂਰਨ ਸੋਚ ਦਾ ਪਤਾ ਲੱਗਦਾ ਹੈ। ਦੱਸ ਦੇਈਏ ਕਿ ਵਿਦੇਸ਼ ਮੰਤਰਾਲੇ ਨੇ ਇਸ ਫੈਸਲੇ ਦਾ ਐਲਾਨ ਪਿਛਲੇ ਹਫ਼ਤੇ ਕੀਤਾ ਸੀ। ਇਸ ਵਿੱਚ ਪਾਸਪੋਰਟ ਦੇ ਆਖਰੀ ਪੰਨੇ ਨੂੰ ਵੀ ਖਤਮ ਕਰਨ ਦੀ ਤਜਵੀਜ਼ ਹੈ, ਜਿਸ ਵਿੱਚ ਪਾਸਪੋਰਟ ਧਾਰਕ ਦੇ ਪਤੇ ਜਿਹੀਆਂ ਤਮਾਮ ਜਾਣਕਾਰੀਆਂ ਹੁੰਦੀਆਂ ਹਨ। ਹਾਲਾਂਕਿ ਅਜੇ ਜੋ ਨੀਲੇ ਰੰਗ ਦੇ ਪਾਸਪੋਰਟ ਜਾਰੀ ਕੀਤੇ ਗਏ ਹਨ, ਉਹ ਵੀ ਮਾਨਤਾ ਪ੍ਰਾਪਤ ਰਹਿਣਗੇ ਅਤੇ ਉਨ੍ਹਾਂ ਨੂੰ ਬਦਲਵਾਇਆ ਵੀ ਜਾ ਸਕੇਗਾ। ਇਹ ਪਾਸਪੋਰਟ ਉਨ੍ਹਾਂ ਲੋਕਾਂ ਲਈ ਜਾਰੀ ਕੀਤੇ ਜਾਣਗੇ, ਜਿਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਪੂਰੀ ਨਹੀਂ ਕੀਤੀ ਹੈ ਅਤੇ ਉਹ ਵਿਦੇਸ਼ ਕੰਮ ਲਈ ਜਾ ਰਹੇ ਹਨ। ਇਨ੍ਹਾਂ ਵਿੱਚ ਜਿਆਦਾਤਰ ਉਹ ਲੋਕ ਆਉਂਦੇ ਹਨ, ਜਿਹੜੇ ਖਾੜੀ ਦੇਸ਼ ਜਾਂਦੇ ਹਨ। ਹੁਣ ਉਨ੍ਹਾਂ ਨੂੰ ਇਸ ਦੇ ਲਈ ਸਬੰਧਤ ਵਿਭਾਗ ਤੋਂ ਮਨਜੂਰੀ ਦਾ ਸਰਟੀਫਿਕੇਟ ਲੈਣਾ ਹੋਵੇਗਾ।

ਹੋਰ ਖਬਰਾਂ »