ਪਾਕਿਸਤਾਨੀ ਅਤਿਵਾਦੀ ਸੰਗਠਨਾਂ ’ਤੇ ਸ਼ੱਕ

ਸੰਯੁਕਤ ਰਾਸ਼ਟਰ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਸਈਦ ਅਕਬਰੂਦੀਨ ਦੇ ਟਵਿੱਟਰ ਅਕਾਊਂਟ ਨੂੰ ਹੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਹੁਣ ਉਨ੍ਹਾਂ ਦੇ ਟਵਿੱਟਰ ਅਕਾਊਂਟ ਦੇ ਠੀਕ ਹੋਣ ਦੀ ਖ਼ਬਰ ਹੈ। ਸਈਦ ਅਕਬਰੂਦੀਨ ਨੇ ਆਪਣੇ ਅਕਾਊਂਟ ਦੇ ਵਾਪਸ ਠੀਕ ਹੋ ਜਾਣ ’ਤੇ ਖੁਸ਼ੀ ਪ੍ਰਗਟ ਕੀਤੀ ਹੈ।

ਹੈਕਰਾਂ ਨੇ ਉਨ੍ਹਾਂ ਦੇ ਅਕਾਊਂਟ ’ਤੇ ਤੁਰਕੀ ਭਾਸ਼ਾ ਵਿੱਚ ਕੁਝ ਟਵਿੱਟਰ ਸੰਦੇਸ਼ ਵੀ ਲਿਖ ਦਿੱਤਾ ਸੀ, ਜਿਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਇਹ ਹੈਕਿੰਗ ਤੁਰਕੀ ਦੇ ਹੈਕਰਾਂ ਨੇ ਕੀਤੀ ਹੈ। ਪਰ ਰਿਪੋਰਟਾਂ ਮੁਤਾਬਕ ਹੈਕਰਾਂ ਨੇ ਉਨ੍ਹਾਂ ਦੇ ਅਕਾਊਂਟ ਨੂੰ ਹੈਕ ਕਰਕੇ ਗੁਆਂਢੀ ਮੁਲਕ ਪਾਕਿਸਤਾਨ ਦੇ ਝੰਡੇ ਅਤੇ ਰਾਸ਼ਟਰਪਤੀ ਮਮਨੂਨ ਹੁਸੈਨ ਦੀ ਤਸਵੀਰ ਲਗਾ ਦਿੱਤੀ ਸੀ। ਇਹੀ ਨਹੀਂ ਹੈਕਰਾਂ ਨੇ ਵੈਰੀਫਾਈਡ ਅਕਾਊਂਟ ਨੂੰ ਦਰਸਾਉਣ ਵਾਲਾ ਨੀਲਾ ਨਿਸ਼ਾਨ ਵੀ ਗਾਇਬ ਕਰ ਦਿੱਤਾ ਸੀ। ਪਰ ਬਾਅਦ ਵਿੱਚ ਹੈਕਰਾਂ ਨੇ ਇਹ ਤਸਵੀਰਾਂ ਅਤੇ ਤੁਰਕੀ ਭਾਸ਼ਾ ਵਿੱਚ ਕੀਤੇ ਗਏ ਟਵੀਟ ਨੂੰ ਹਟਾ ਦਿੱਤਾ, ਜਿਸ ਕਾਰਨ ਹੈਕਿੰਗ ਦਾ ਸ਼ੱਕ ਪਾਕਿਸਤਾਨੀ ਅਤਿਵਾਦੀ ਸੰਗਠਨਾਂ ’ਤੇ ਵੀ ਜਤਾਇਆ ਜਾ ਰਿਹਾ ਹੈ।  ਪਾਕਿਸਤਾਨੀ ਅਤਿਵਾਦੀ ਸੰਗਠਨ ਵੈਸੇ ਵੀ ਭਾਰਤ ’ਤੇ ਸਾਈਬਰ ਹਮਲੇ ਦੀ ਫਿਰਾਕ ਵਿੱਚ ਰਹਿੰਦੇ ਹਨ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ’ਤੇ ਗੌਰ ਕਰੀਏ ਤਾਂ ਸਾਲ 2016 ਵਿੱਚ ਭਾਰਤ ਵਿੱਚ ਕੁੱਲ 199 ਸਰਕਾਰੀ ਵੈਬਸਾਈਟਾਂ ਹੈਕ ਕੀਤੀਆਂ ਗਈਆਂ ਸਨ। ਅੰਕੜਿਆਂ ਦੇ ਅਨੁਸਾਰ ਸਾਲ 2013 ਤੋਂ 2016 ਵਿਚਕਾਰ ਹੁਣ ਤੱਕ ਦੇਸ਼ ਵਿੱਚ 700 ਤੋਂ ਵੱਧ ਸਰਕਾਰੀ ਵੈਬਸਾਈਟਾਂ ਹੈਕ ਹੋ ਚੁੱਕੀਆਂ ਹਨ।

ਹੋਰ ਖਬਰਾਂ »