ਮੋਦੀ ਨੇ ਪ੍ਰੋਟੋਕਾਲ ਤੋੜ ਕੇ ਕੀਤਾ ਨਿੱਘਾ ਸਵਾਗਤ

ਨਵੀਂ ਦਿੱਲੀ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਛੇ ਦਿਨਾ ਦੌਰੇ ’ਤੇ ਭਾਰਤ ਪਹੁੰਚੇ ਗਏ ਹਨ। ਇਸ ਮੌਕੇ ਦਿੱਲੀ ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਟੋਕਾਲ ਤੋੜਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਭਾਰਤ ਦੌਰੇ 'ਤੇ ਆਈ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਹਵਾਈ ਅੱਡੇ ਤੋਂ ਤਿੰਨ ਮੂਰਤੀ ਚੌਂਕ ਪਹੁੰਚੇ। ਨੇਤਨਯਾਹੂ ਦੇ ਭਾਰਤ ਆਉਣ ਤੋਂ ਪਹਿਲਾਂ ਹੀ ਦਿੱਲੀ ਦੇ ਤਿੰਨ ਮੂਰਤੀ ਚੌਂਕ ਅਤੇ ਤਿੰਨ ਮੂਰਤੀ ਮਾਰਗ ਦਾ ਨਾਂਅ ਬਦਲ ਦਿੱਤਾ ਗਿਆ ਸੀ। ਹੁਣ ਇਸ ਨੂੰ ਤਿੰਨ ਮੂਰਤੀ ਹਾਈਫ਼ਾ ਅਤੇ ਤਿੰਨ ਮੂਰਤੀ ਹਾਈਫ਼ਾ ਮਾਰਗ ਦੇ ਤੌਰ 'ਤੇ ਜਾਣਿਆ ਜਾਵੇਗਾ। ਹਾਈਫ਼ਾ ਇਜ਼ਰਾਈਲ ਦੇ ਇੱਕ ਸ਼ਹਿਰ ਦਾ ਨਾਂਅ ਹੈ। ਭਾਰਤ ਅਤੇ ਇਜ਼ਰਾਈਲ ਦੇ ਵਿਚਕਾਰ ਰੱਖਿਆ, ਜਲ ਸੰਭਾਲ, ਖੇਤੀ, ਅੰਦਰੂਨੀ ਸੁਰੱਖਿਆ ਆਦਿ ਮਸਲਿਆਂ 'ਤੇ ਚਰਚਾ ਹੋਣੀ ਹੈ। ਭਾਰਤ-ਇਜ਼ਰਾਈਲ ਦੇ ਕੂਟਨੀਤਕ ਸਬੰਧਾਂ ਦੀ 25ਵੀਂ ਵਰ੍ਹੇਗੰਢ ਦੇ ਸਮਾਗਮ ਵਿਚ ਵੀ ਨੇਤਨਯਾਹੂ ਸ਼ਾਮਲ ਹੋਣਗੇ। ਇਜ਼ਰਾਈਲੀ ਦੂਤਘਰ ਨੇ ਵੀਰਵਾਰ ਨੂੰ ਦੱਸਿਆ ਸੀ ਕਿ ਨੇਤਨਯਾਹੂ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਨਾਲ ਮੀਟਿੰਗ ਕਰਨਗੇ। ਉਨ੍ਹਾਂ ਦੇ ਨਾਲ ਇੱਕ ਕਾਰੋਬਾਰੀ ਉੱਚ ਪੱਧਰੀ ਵਫ਼ਦ ਵੀ ਭਾਰਤ ਆਇਆ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਪਿਛਲੇ ਸਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਜ਼ਰਾਈਲ ਗਏ ਸਨ, ਜਿੱਥੇ ਮੋਦੀ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਕਬੂਲ ਕਰ ਲਿਆ ਸੀ। ਪੀਐੱਮ ਮੋਦੀ ਅਤੇ ਨੇਤਨਯਾਹੂ ਦੇ ਵਿਚਕਾਰ 15 ਜਨਵਰੀ ਨੂੰ ਦੁਵੱਲੇ ਪੱਧਰ ਦੀ ਵਾਰਤਾ ਹੋਣੀ ਹੈ, ਇਸੇ ਦਿਨ ਉਨ੍ਹਾਂ ਦਾ ਰਾਸ਼ਟਰਪਤੀ ਭਵਨ ਜਾਣ ਦਾ ਪ੍ਰੋਗਰਾਮ ਹੈ। ਜਿੱਥੇ ਵਿਦੇਸ਼ ਮੰਤਰੀ ਸੁ਼ਸ਼ਮਾ ਸਵਰਾਜ ਵੀ ਮੌਜੂਦ ਰਹੇਗੀ। ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀ 15 ਜਨਵਰੀ ਨੂੰ ਹੀ ਦੂਜੇ ਭਾਰਤ-ਇਜ਼ਰਾਈਲ ਫੋਰਮ ਦੀ ਮੀਟਿੰਗ ਵਿਚ ਸ਼ਾਮਲ ਹੋਣਗੇ। ਪਹਿਲੀ ਸੀਈਓ ਫੋਰਮ ਦੀ ਮੀਟਿੰਗ ਪੀਐੱਮ ਮੋਦੀ ਦੇ ਇਜ਼ਰਾਈਲ ਦੌਰੇ ਦੌਰਾਨ ਹੋਈ ਸ। ਇਸ ਦੇ ਨਾਲ ਹੀ ਪੀਐੱਮ ਨੇਤਨਯਾਹੂ ਇੱਕ ਵਿਆਪਕ ਸਮਾਗਮ ਨੂੰ ਸੰਬੋਧਨ ਕਰਨਗੇ।
ਇਜ਼ਰਾਈਲ ਤੇ ਭਾਰਤ ਦੇ ਪੁਰਾਣੇ ਸਬੰਧਾਂ ਅਤੇ ਉਸ ਦੀ ਦੋਸਤੀ ਤੋਂ ਪੂਰੀ ਦੁਨੀਆ ਵਾਕਫ਼ ਹੈ। ਇਜ਼ਰਾਈਲ ਭਾਰਤ ਦਾ ਪੁਰਾਣਾ ਰੱਖਿਆ ਸਾਂਝੀਦਾਰ ਹੈ। ਇਸ ਤੋਂ ਪਹਿਲਾਂ ਮੋਦੀ ਦੇ ਇਜ਼ਰਾਈਲ ਦੌਰੇ ਸਮੇਂ ਦੋਵੇਂ ਦੇਸ਼ਾਂ ਵਿਚਕਾਰ ਕਈ ਮੁੱਦਿਆਂ 'ਤੇ ਸਮਝੌਤੇ ਹੋਏ ਸਨ।

ਹੋਰ ਖਬਰਾਂ »