ਨਵੀਂ ਦਿੱਲੀ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ, ਬੰਗਲਾਦੇਸ਼ ਅਤੇ ਚੀਨ ਨਾਲ ਲਗਦੀ ਸਰਹੱਦ ’ਤੇ ਸੁਰੱਖਿਆ ਪ੍ਰਬੰਧ ਪੁਖ਼ਤਾ ਕਰਨ ਲਈ ਸਰਕਾਰ ਸਰਹੱਦ ਦੀ ਰੱਖਿਆ ਵਿੱਚ ਤਾਇਨਾਤ ਦੋ ਅਹਿਮ ਦਸਤਿਆਂ ਬੀਐਸਐਫ ਅਤੇ ਆਈਟੀਬੀਪੀ ਵਿੱਚ 15 ਨਵੀਆਂ ਬਟਾਲੀਅਨਾਂ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਗ੍ਰਹਿ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਵਿੱਚ 6 ਅਤੇ ਆਈਟੀਬੀਪੀ ਵਿੱਚ 9 ਨਵੀਆਂ ਬਟਾਲੀਅਨਾਂ ਨੂੰ ਬਣਾਉਣ ’ਤੇ ਸਰਗਰਮੀ ਨਾਲ ਵਿਚਾਰ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਹਰ ਬਟਾਲੀਅਨ ਵਿੱਚ ਲਗਭਗ 1000 ਅਪ੍ਰੇਸ਼ਨਲ ਜਵਾਨ ਅਤੇ ਅਫ਼ਸਰ ਸ਼ਾਮਲ ਹੁੰਦੇ ਹਨ।

ਬੀਐਸਐਫ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਫੋਰਸ ਨਵੀਆਂ ਯੂਨਿਟਾਂ ਨੂੰ ਮਨਜੂਰੀ ਦੇ ਕੇ ਆਪਣੀ ਮਨੁੱਖੀ ਤਾਕਤ ਨੂੰ ਵਧਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਅਸਾਮ ਅਤੇ ਪੱਛਮੀ ਬੰਗਾਲ ਵਿੱਚ ਭਾਰਤ-ਪਾਕਿ ਸਰਹੱਦ ’ਤੇ ਤਾਇਨਾਤ ਕੀਤਾ ਜਾ ਸਕੇ। ਇਸੇ ਤਰ੍ਹਾਂ ਭਾਰਤ-ਪਾਕਿਸਤਾਨ ਦੇ ਵਿਚਕਾਰ ਕੌਮਾਂਤਰੀ ਸਰਹੱਦ, ਖਾਸਕਰ ਪੰਜਾਬ ਅਤੇ ਜੰਮੂ ਖੇਤਰ ਵਿੱਚ ਨੇੜਲੇ ਭਵਿੱਖ ਵਿੱਚ ਫੋਰਸ ਆਪਣੀ ਸਮਰੱਥਾ ਵਧਾ ਸਕਦੀ ਹੈ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੀਆਂ ਬਟਾਲੀਅਨਾਂ ਕਿੱਥੇ ਬਣਨਗੀਆਂ, ਇਨ੍ਹਾਂ ਨੂੰ ਬਣਾਉਣ ਲਈ ਸਮਾਂ ਤੈਅ ਕੀਤਾ ਜਾਵੇਗਾ, ਪਰ ਬੰਗਲਾਦੇਸ਼ ਅਤੇ ਪਾਕਿਸਤਾਨ ਸਰਹੱਦ ਨਾਲ ਲੱਗੇ ਕੁਝ ਇਲਾਕੇ ਜਿਆਦਾ ਸੰਵੇਦਨਸ਼ੀਲ ਹਨ। ਇਨ੍ਹਾਂ ਇਲਾਕਿਆਂ ਵਿੱਚ ਘੁਸਪੈਠ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ ਤੇ ਗੈਰ-ਕਾਨੂੰਨੀ ਮਾਈਗ੍ਰੇਸ਼ ਦਾ ਖ਼ਤਰਾ ਰਹਿੰਦਾ ਹੈ।

ਇਸੇ ਤਰ੍ਹਾਂ ਸਰਕਾਰ ਦੀ ਆਈਟੀਬੀਪੀ ਵਿੱਚ ਵੀ ਨਵੀਂ ਬਟਾਲੀਅਨਾਂ ਬਣਾਉਣ ਦੀ ਯੋਜਨਾ ਹੈ। ਆਈਟੀਬੀਪੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ 12 ਨਵੀਂ ਬਟਾਲੀਅਨਾਂ ਨੂੰ ਬਣਾਉਣ ’ਤੇ ਵਿਚਾਰ ਹੋਇਆ ਸੀ, ਪਰ ਨੇੜਲੇ ਭਵਿੱਖ ਵਿੱਚ ਫੋਰਸ ਨੂੰ 9 ਨਵੀਆਂ ਬਟਾਲੀਅਨਾਂ ਦੀ ਲੋੜ ਹੈ। ਅਸਲ ਵਿੱਚ ਕੰਟਰੋਲ ਰੇਖਾ (ਐਲਓਸੀ) ’ਤੇ ਅਕਸਰ ਚੀਨੀ ਫੌਜ ਦੀ ਘੁਸਪੈਠ ਨੂੰ ਬਟਾਲੀਅਨਾਂ ਦੀ ਗਿਣਤੀ ਵਧਾਉਣ ਦੇ ਵੱਡੇ ਕਾਰਨ ਦੇ ਤੌਰ ’ਦੇ ਦੇਖਿਆ ਜਾ ਰਿਹਾ ਹੈ।  

ਹੋਰ ਖਬਰਾਂ »