ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੀ ਸਿਫਾਰਸ਼ ਨੂੰ ਦਿੱਤੀ ਮਨਜੂਰੀ

ਨਵੀਂ ਦਿੱਲੀ, 21 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਦਿੱਲੀ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ‘ਲਾਭ ਦਾ ਅਹੁਦਾ’ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ 20 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਹੋ ਗਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚੋਣ ਕਮਿਸ਼ਨ ਦੇ ਫੈਸਲੇ ਨੂੰ ਮਨਜੂਰੀ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਸਿਫਾਰਿਸ਼ ਕੀਤੀ ਸੀ ਕਿ 20 ਵਿਧਾਇਕਾਂ ਨੂੰ ਆਯੋਗ ਕਰਾਰ ਦਿੱਤਾ ਜਾਵੇ।  ਚੋਣ ਕਮਿਸ਼ਨ ਦਾ ਮੰਨਣਾ ਸੀ ਕਿ ਆਪ ਦੇ ਵਿਧਾਇਕ ‘ਲਾਭ ਦਾ ਅਹੁਦਾ’ ਦੇ ਘੇਰੇ ਵਿੱਚ ਆਉਂਦੇ ਹਨ। ਇਨ੍ਹਾਂ ਵਿਧਾਇਕਾਂ ਵਿੱਚ ਅਲਕਾ ਲਾਂਬਾ, ਆਦਰਸ਼ ਸ਼ਾਸਤਰੀ, ਅਨਿਲ ਕੁਮਾਰ ਵਾਜਪਾਈ, ਜਰਨੈਲ ਸਿੰਘ ਤਿਲਕ ਨਗਰ, ਸੰਜੀਵ ਝਾਅ, ਰਾਜੇਸ਼ ਗੁਪਤਾ, ਕੈਲਾਸ਼ ਗਹਿਲੋਤ, ਵਿਜੇਂਦਰ ਗਰਗ, ਪ੍ਰਵੀਨ ਕੁਮਾਰ, ਸ਼ਰਦ ਕੁਮਾਰ, ਮਦਨ ਲਾਲ ਖੁਫੀਆ, ਸ਼ਿਵ ਚਰਨ ਗੋਇਲ, ਸਰਿਤਾ ਸਿੰਘ, ਨਰੇਸ਼ ਯਾਦਵ, ਰਾਜੇਸ਼ ਰਿਸ਼ੀ, ਅਨਿਲ ਕੁਮਾਰ, ਸੋਮ ਦੱਤ, ਅਵਤਾਰ ਸਿੰਘ, ਸੁਖਵੀਰ ਸਿੰਘ, ਮਨੋਜ ਕੁਮਾਰ ਅਤੇ ਨਿਤਿਨ ਤਿਆਗੀ ਸ਼ਾਮਲ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਾਜੌਰੀ ਗਾਰਡਨ ਹਲਕੇ ਤੋਂ ਆਪ ਦੇ ਵਿਧਾਇਕ ਜਰਨੈਲ ਸਿੰਘ ਨੇ 17 ਜਨਵਰੀ 2017 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਖਾਲੀ ਥਾਂ ਨੂੰ ਭਰਨ ਲਈ ਜਿਮਨੀ ਚੋਣ ਕਰਵਾਈ ਗਈ ਸੀ।
ਇਸ ਤੋਂ ਪਹਿਲਾਂ 20 ਵਿਧਾਇਕਾਂ ਨੂੰ ਚੋਣ ਕਮਿਸ਼ਨ ਵੱਲੋਂ ਆਯੋਗ ਐਲਾਨੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਮਿਸ਼ਨ ਦੀ ਪ੍ਰਕਿਰਿਆ ’ਤੇ ਹੀ ਸਵਾਲ ਚੁੱਕੇ ਸਨ। ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਸੀ ਕਿ ਕੋਈ ਵੀ ਵਿਧਾਇਕ ਲਾਭ ਦੇ ਅਹੁਦੇ ’ਤੇ ਨਹੀਂ ਸੀ। ਨਾ ਕਿਸੇ ਕੋਲ ਗੱਡੀ ਸੀ, ਨਾ ਬੰਗਲਾ ਸੀ ਅਤੇ ਨਾ ਹੀ ਕਿਸੇ ਨੂੰ ਕੋਈ ਤਨਖਾਹ ਦਿੱਤੀ ਗਈ ਸੀ। ਸੌਰਭ ਨੇ ਇਹ ਵੀ ਕਿਹਾ ਸੀ ਕਿ ਕਿਸੇ ਕੋਲ ਇਸ ਗੱਲ ਦਾ ਸਬੂਤ ਨਹੀਂ ਹੈ। ਨਾ ਹੀ ਕੋਈ ਬੈਂਕ ਟਰਾਂਜੈਕਸ਼ਨ ਇਹ ਦਿਖਾਉਂਦੀ ਹੈ ਕਿ ਕੋਈ ਪੈਸਾ ਲਿਆ ਜਾਂ ਫਿਰ ਦਿੱਤਾ ਗਿਆ ਹੈ। ਇਹ ਕਿਵੇਂ ਲਾਭ ਦਾ ਅਹੁਦਾ ਹੋ ਸਕਦਾ ਹੈ।
ਭਾਰਤੀ ਜਨਤਾ ਪਾਰਟੀ ਨੇ ਵੀ ਚੋਣ ਕਮਿਸ਼ਨ ਦੇ ਇਸ ਫੈਸਲੇ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ। ਦਿੱਲੀ ਦੇ ਸਾਬਕਾ ਭਾਜਪਾ ਪ੍ਰਧਾਨ ਸਤੀਸ਼ ਉਪਾਧਿਆਏ ਨੇ ਕਿਹਾ ਕਿ ਜਨਤਾ ਨੂੰ ‘ਆਪ’ ਦਾ ਭ੍ਰਿਸ਼ਟਾਚਾਰ ਦਿਖਾਈ ਦੇ ਰਿਹਾ ਹੈ। ਸਰਕਾਰ ਦਾ ਭ੍ਰਿਸ਼ਟਾਚਾਰ ਬੇਨਕਾਬ ਹੋਇਆ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਰਹਿ ਗਿਆ ਹੈ।
ਕਾਂਗਰਸ ਦੀ ਸ਼ਰਮਿਸ਼ਠਾ ਮੁਖਰਜੀ ਨੇ ਚੋਣ ਕਮਿਸ਼ਨ ਦੀ ਸਿਫਾਰਿਸ਼ ਦਾ ਸਵਾਗਤ ਕਰਦੇ ਹੋਏ ਇਸ ਨੂੰ ਆਮ ਆਦਮੀ ਪਾਰਟੀ ਦੁਆਰਾ ਕੀਤਾ ਗਿਆ ਗੈਰ-ਕਾਨੂੰਨੀ ਕੰਮ ਕਰਾਰ ਦਿੱਤਾ ਸੀ। ਕਾਂਗਰਸ ਦੇ ਦਿੱਲੀ ਦੇ ਪ੍ਰਧਾਨ ਅਜੇ ਮਾਕਨ ਨੇ ਕਿਹਾ ਸੀ ਕਿ ਨੈਤਿਕ ਜਿੰਮੇਦਾਰੀ ਲੈਂਦੇ ਹੋਏ ਇਨ੍ਹਾਂ ਵਿਧਾਇਕਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਮਾਕਨ ਨੇ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਵੀ ਕੀਤੀ ਸੀ।
 

ਹੋਰ ਖਬਰਾਂ »