ਨਵੀਂ ਦਿੱਲੀ, 22 ਜਨਵਰੀ (ਹਮਦਰਦ ਨਿਊਜ਼ ਸਰਵਿਸ) :ਆਮ ਆਦਮੀ ਪਾਰਟੀ (ਆਪ) ਦੇ 20 ਵਿਧਾਇਕਾਂ ਨੇ ਦਿੱਲੀ ਹਾਈ ਕੋਰਟ ਤੋਂ ਆਪਣੀ ਅਰਜੀ ਵਾਪਸ ਲੈ ਲਈ ਹੈ। ਪਾਰਟੀ ਵਿਧਾਇਕਾਂ ਨੇ ਅਰਜੀ ਵਿੱਚ ਖੁਦ ਨੂੰ ਆਯੋਗ ਠਹਿਰਾਉਣ ਦੀ ਚੋਣ ਕਮਿਸ਼ਨ ਦੀ ਸਿਫਾਰਸ਼ ’ਤੇ ਰੋਕ ਲਗਾਉਣ ਦੀ ਗੁਹਾਰ ਲਾਈ ਸੀ। ਆਪ ਵਿਧਾਇਕਾਂ ਦੇ ਵਕੀਲ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੀ ਪਟੀਸ਼ਨ ਅਰਥਹੀਣ ਹੋ ਗਈ ਹੈ, ਕਿਉਂਕਿ ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੀ ਸਿਫਾਰਸ਼ ਸਵੀਕਾਰ ਕਰ ਲਈ ਹੈ ਅਤੇ ਉਨ੍ਹਾਂ ਨੂੰ ਆਯੋਗ ਕਰਾਰ ਦੇਣ ਦਾ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਆਪ ਵਿਧਾਇਕਾਂ ਦੇ ਵਕੀਲਾਂ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਉਹ ‘ਲਾਭ ਦਾ ਅਹੁਦਾ’ ਮਾਮਲੇ ਵਿੱਚ 20 ਵਿਧਾਇਕਾਂ ਨੂੰ ਆਯੋਗ ਠਹਿਰਾਉਣ ਵਾਲੇ ਰਾਸ਼ਟਰਪਤੀ ਦੇ ਹੁਕਮ ਦਾ ਪ੍ਰੀਖਣ ਕਰਨ ਬਾਅਦ ਅਪੀਲ ਦਾਖ਼ਲ ਕਰਨਗੇ। ਹਾਈਕੋਰਟ ਵਿੱਚ ਇਸ ਮਾਮਲੇ ’ਤੇ ਸੁਣਵਾਈ ਹੋਣ ਤੋਂ ਪਹਿਲਾਂ ਹੀ ਆਪ ਵਿਧਾਇਕਾਂ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ। ਜੱਜ ਰੇਖਾ ਪੱਲੀ ਨੇ ਵਿਧਾਇਕਾਂ ਨੂੰ ਆਪਣੀ ਅਰਜੀ ਵਾਪਸ ਲੈਣ ਦੀ ਇਜਾਜ਼ਤ ਦੇ ਦਿੱਤੀ ਅਤੇ ਇਸ ਨੂੰ ‘ਵਾਪਸ ਲਿਆ’ ਹੋਇਆ ਮੰਨ ਕੇ ਖਾਰਜ ਕਰ ਦਿੱਤਾ। ਆਪ ਦੇ ਇੱਕ ਵਿਧਾਇਕ ਵੱਲੋਂ ਪੇਸ਼ ਹੋਏ ਵਕੀਲ ਮਨੀਸ਼ ਵਸ਼ਿਸ਼ਟ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਯੋਗ ਕਰਾਰ ਦੇਣ ਲਈ ਚੋਣ ਕਮਿਸ਼ਨ ਵੱਲੋਂ ਰਾਸ਼ਟਰਪਤੀ ਨੂੰ ਕੀਤੀ ਗਈ ਸਿਫਾਰਸ਼ ਵਿਰੁੱਧ ਦਾਖ਼ਲ ਉਨ੍ਹਾਂ ਦੀ ਅਰਜੀ ਹੁਣ ਅਰਥਹੀਣ ਹੋ ਗਈ, ਕਿਉਂਕਿ ਇਸ ਬਾਬਤ ਇੱਕ ਨੋਟਿਸ 20 ਜਨਵਰੀ ਨੂੰ ਜਾਰੀ ਕੀਤਾ ਜਾ ਚੁੱਕਾ ਹੈ। ਵਕੀਲ ਪ੍ਰਸ਼ਾਂਤ ਪਟੇਲ ਨੇ ਆਪ ਦੇ ਉਨ੍ਹਾਂ 21 ਵਿਧਾਇਕਾਂ ਵਿਰੁੱਧ ਚੋਣ ਕਮਿਸ਼ਨ ਵਿੱਚ ਅਰਜੀ ਦਾਖ਼ਲ ਕੀਤੀ, ਜਿਨ੍ਹਾਂ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਸੰਸਦੀ ਸਕੱਤਰਾਂ ਦੇ ਅਹੁਦੇ ’ਤੇ ਨਿਯੁਕਤ ਕੀਤਾ ਸੀ।   

ਹੋਰ ਖਬਰਾਂ »