ਨਵੀਂ ਦਿੱਲੀ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕੀ ਭਾਰਤ ਅਤੇ ਮਾਲਦੀਵ ਦੀਆਂ ਸਰਕਾਰਾਂ ਵਿਚਕਾਰ ਤਣਾਅ ਵੱਧ ਗਿਆ ਹੈ? ਇਹ ਸਵਾਲ ਇਸ ਲਈ ਉਠਦਾ ਹੈ ਕਿਉਂਕਿ ਦੇਸ਼ ਵਿੱਚ ਜਾਰੀ ਉਥਲ-ਪੁਥਲ ਵਿਚਕਾਰ ਮਾਲਦੀਵ ਦੇ ਰਾਸ਼ਟਰਪਤੀ ਨੇ ਚੀਨ, ਪਾਕਿਸਤਾਨ ਅਤੇ ਸਾਊਦੀ ਅਰਬ ਲਈ ਦੂਤ ਭੇਜੇ ਹਨ, ਪਰ ਭਾਰਤ ਵਿੱਚ ਕਿਸੇ ਨੂੰ ਨਹੀਂ ਭੇਜਿਆ ਹੈ। ਮਾਲਦੀਵ ਦੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦੇ ਨਿਰਦੇਸ਼ ’ਤੇ ਕੈਬਨਿਟ ਦੇ ਮੈਂਬਰ ਮਾਲਦੀਵ ਦੇ ਮਿੱਤਰ ਦੇਸ਼ਾਂ ਦੇ ਦੌਰੇ ’ਤੇ ਜਾ ਰਹੇ ਹਨ, ਜੋ ਮੌਜੂਦਾ ਹਾਲਾਤ ’ਤੇ ਉਨ੍ਹਾਂ ਨੂੰ ਜਾਣੂ ਕਰਵਾਉਣਗੇ। ਦੇਸ਼ ਦੇ ਵਿਦੇਸ਼ ਮੰਤਰੀ ਪਾਕਿਸਤਾਨ ਗਏ ਹਨ, ਜਦਕਿ ਆਰਥਿਕ ਵਿਦੇਸ਼ ਮੰਤਰੀ ਚੀਨ ਲਈ ਰਵਾਨਾ ਹੋਏ ਹਨ। ਖੇਤੀਬਾੜੀ ਮੰਤਰੀ ਸਾਊਦੀ ਅਰਬ ਜਾਣਗੇ।
ਮਾਲਦੀਵ ਵਿੱਚ ਐਮਰਜੰਸੀ ਐਲਾਨੇ ਜਾਣ ਬਾਅਦ ਹਾਲਾਤ ਦੀ ਜਾਣਕਾਰੀ ਦੇਣ ਲਈ ਭਾਰਤ ਵਿੱਚ ਕਿਸੇ ਦੂਤ ਦੇ ਭੇਜੇ ਜਾਣ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ’ਤੇ ਇੱਥੇ ਕਿਹਾ ਗਿਆ ਕਿ ਭਾਰਤ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਮਾਲਦੀਵ ਦੇ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜਦੋਂ ਭਾਰਤ ਆਏ ਸਨ, ਤਦ ਉਨ੍ਹਾਂ ਨੇ ਕਿਹਾ ਸੀ ਕਿ ਸਾਡੇ ਲਈ ਭਾਰਤ ਸਭ ਤੋਂ ਪਹਿਲਾਂ ਹੈ। ਹਾਲਾਂਕਿ ਮਾਲਦੀਵ ਦੇ ਸਫਾਰਤਖਾਨੇ ਵੱਲੋਂ ਕਿਹਾ ਗਿਆ ਹੈ ਕਿ ਇਹ ਸੱਚ ਨਹੀਂ ਹੈ ਕਿ ਭਾਰਤ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਹਾਲਾਂਕਿ ਭਾਰਤੀ ਸੂਤਰਾਂ ਦਾ ਕਹਿਣਾ ਹੈ ਕਿ ਅਸੀਂ ਪ੍ਰੋਟੋਕਾਲ ਕਾਰਨਾਂ ਕਰਕੇ ਦੂਤ ਭੇਜਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ। ਮਾਲਦੀਵ ਦੇ ਦੂਤਾਵਾਸ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਮੁਤਾਬਕ ਰਾਸ਼ਟਰਪਤੀ ਦੇ ਦੂਤ ਦਾ ਪਹਿਲਾ ਸਟੌਪ ਭਾਰਤ ਹੀ ਹੋਣਾ ਸੀ। ਵਿਸ਼ੇਸ਼ ਦੂਤ ਤੈਅ ਕੀਤੇ ਗਏ ਵਿਦੇਸ਼ ਮੰਤਰੀ ਮੋਹੰਮਦ ਆਸਿਮ ਨੂੰ 8 ਤਰੀਕ ਨੂੰ ਭਾਰਤ ਆਉਣਾ ਸੀ, ਪਰ ਭਾਰਤੀ ਅਧਿਕਾਰੀਆਂ ਵੱਲੋਂ ਇਸ ਦੌਰੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਪ੍ਰੋਟੋਕਾਲ ਦੇ ਚਲਦੇ ਮਾਲਦੀਵ ਦੇ ਦੂਤ ਨੂੰ ਨਹੀਂ ਮਿਲੀ ਤਰੀਕ?: ਇੱਥੇ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਸਫੀਰ ਭੇਜੇ ਜਾਣ ਦਾ ਪ੍ਰੋਟੋਕਾਲ ਤੈਅ ਹੈ। ਸਾਨੂੰ ਸਫੀਰ ਭੇਜੇ ਜਾਣ ਦੇ ਮਕਸਦ ਦੀ ਜਾਣਕਾਰੀ ਨਹੀਂ ਦਿੱਤੀ ਗਈ। ਦੂਜੀ ਗੱਲ ਇਹ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇਸ਼ ਵਿੱਚੋਂ ਬਾਹਰ ਹਨ। ਪ੍ਰਧਾਨ ਮੰਤਰੀ ਵੀ ਕੱਲ੍ਹ ਤੋਂ ਦੇਸ਼ ਤੋਂ ਬਾਹਰ ਹੋਣਗੇ। ਕੌਮਾਂਤਰੀ ਭਾਈਚਾਰਾ ਅਤੇ ਭਾਰਤ ਨੇ ਜੋ ਚਿੰਤਾਵਾਂ ਪ੍ਰਗਟ ਕੀਤੀਆਂ ਹਨ, ਉਨ੍ਹਾਂ ’ਤੇ ਕੋਈ ਅਸਲ ਕਦਮ ਨਹੀਂ ਦੇਖਿਆ ਗਿਆ ਹੈ। ਲੋਕਤੰਤਰਕ ਸੰਸਥਾਵਾਂ ਅਤੇ ਨਿਆਂਪਾਲਿਕਾ ਨੂੰ ਦਬਾਇਆ ਜਾ ਰਿਹਾ ਹੈ ਅਤੇ ਚਿੰਤਾਵਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਸਹੀ ਢੰਗ ਨਾਲ ਸੁਲਝਾਏ ਜਾਣ ਦੀ ਲੋੜ ਹੈ।
ਇਸੇ ਵਿਚਕਾਰ ਚੀਨ ਨੇ ਕਿਹਾ ਹੈ ਕਿ ਮਾਲਦੀਵ ਦਾ ਮੌਜੂਦਾ ਵਿਵਾਦ ਉੱਥੋਂ ਦਾ ਅੰਦਰੂਨੀ ਮਾਮਲਾ ਹੈ ਅਤੇ ਸਬੰਧਤ ਧਿਰਾਂ ਨੂੰ ਗੱਲਬਾਤ ਰਾਹੀਂ ਇਸ ਨੂੰ ਸੁਲਝਾਉਣਾ ਚਾਹੀਦਾ ਹੈ। ਕੌਮਾਂਤਰਤੀ ਭਾਈਚਾਰੇ ਨੂੰ ਮਾਲਦੀਵ ਦੀ ਖੁਦਮੁਖਤਿਆਰੀ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਸਕਾਰਾਤਮਕ ਸਹਿਯੋਗ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਮਾਲਦੀਵ ’ਤੇ ਚੀਨ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਨੂੰ ਚੀਨ ਦਾ ਪੂਰਾ ਸਮਰਥਨ ਹਾਸਲ ਹੈ। ਉੱਥੇ ਹੀ ਵਿਰੋਧੀ ਧਿਰ ਨੇ ਨੇਤਾ ਨਸ਼ੀਦ ਨੂੰ ਭਾਰਤ ਦੇ ਨੇੜੇ ਦੇਖਿਆ ਜਾਂਦਾ ਹੈ, ਜਿਨ੍ਹਾਂ ਵਿਰੁੱਧ ਸੁਪਰੀਮ ਕੋਰਟ ਨੇ ਕੇਸ ਖਤਮ ਕਰ ਦਿੱਤਾ ਤਾਂ ਮਾਲਦੀਵ ਵਿੱਚ ਹਾਲਾਤ ਵਿਗੜ ਗਏ।

ਹੋਰ ਖਬਰਾਂ »