ਦਿੱਲੀ ਹਾਈਕੋਰਟ ਦੇ ਜਪਾਨੀ ਕੰਪਨੀ ਦਾਇਚੀ ਸੈਂਕਿਉ ਨੂੰ 3500 ਕਰੋੜ ਰੁਪੜੇ ਵਸੂਲਣ ਦੀ ਇਜਾਜ਼ਤ ਮਿਲਣ ਬਾਅਦ ਲਿਆ ਫੈਸਲਾ ਨਿਊਯਾਰਕ ਦੀ ਕੰਪਨੀ ਨੇ ਵੀ ਦਰਜ ਕਰਵਾਇਆ ਹੋਇਆ ਹੈ ਦੋਵਾਂ ਅਰਬਪਤੀ ਸਿੱਖ ਭਰਾਵਾਂ ਵਿਰੁੱਧ ਧੋਖਾਧੜੀ ਦਾ ਮਾਮਲਾ

ਨਵੀਂ ਦਿੱਲੀ, 9 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਫੋਰਟਿਸ ਹੈਲਥਕੇਅਰ ਦੇ ਪ੍ਰਮੋਟਰਾਂ ਮਲਵਿੰਦਰ ਸਿੰਘ ਅਤੇ ਸ਼ਿਵੰਦਿਰ ਸਿੰਘ ਨੇ ਕੰਪਨੀ ਦੋ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਦੋਵਾਂ ਨੇ ਇਹ ਫੈਸਲਾ ਦਿੱਲੀ ਹਾਈਕੋਰਟ ਦੇ ਜਪਾਨੀ ਫਾਰਮਾਸਿਊਟੀਕਲ ਕੰਪਨੀ ਦਾਇਚੀ ਸੈਂਕਿਉ ਨੂੰ 3500 ਕਰੋੜ ਰੁਪੜੇ ਵਸੂਲਣ ਦੀ ਇਜਾਜ਼ਤ ਮਿਲਣ ਬਾਅਦ ਲਿਆ ਹੈ। ਮਲਵਿੰਦਰ ਨੇ ਫੋਰਟਿਸ ਹੈਲਥਕੇਅਰ ਦੇ ਐਗਜੀਕਿਊਟਿਵ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਸ਼ਿਵਿੰਦਰ ਸਿੰਘ ਨੇ ਨਾਨ-ਐਗਜੀਕਿਊਟਿਵ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਫੋਰਟਿਸ ਹੈਲਥਕੇਅਰ ਦਾ ਬੋਰਡ ਇਸ ਮਾਮਲੇ ’ਤੇ 13 ਫਰਵਰੀ ਨੂੰ ਵਿਚਾਰ ਕਰੇਗਾ : ਫੋਰਟਿਸ ਹੈਲਥਕਅਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮਲਵਿੰਦਰ ਮੌਹਨ ਸਿੰਘ ਅਤੇ ਸ਼ਿਵਿੰਦਰ ਸਿੰਘ ਨੇ ਕੰਪਨੀ ਦੇ ਡਾਇਰੈਕਟਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਫੋਰਟਿਸ ਹੈਲਥਕੇਅਰ ਦਾ ਬੋਰਡ ਇਸ ਮਾਮਲੇ ’ਤੇ 13 ਫਰਵਰੀ ਨੂੰ ਵਿਚਾਰ ਕਰੇਗਾ। ਸਿੰਗਾਪੁਰ ਵਿੱਚ ਇੱਕ ਟ੍ਰਾਈਬਿਊਨਲ ਨੇ ਦਾਇਚੀ ਦੇ ਪੱਖ ਵਿੱਚ ਇੱਕ ਹੁਕਮ ਦਿੱਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਦੋਵਾਂ ਸਿੱਖ ਭਰਾਵਾਂ ਨੇ ਸ਼ੇਅਰਾਂ ਦੀ ਵਿਕਰੀ ਕਰਦੇ ਹੋਏ ਇਹ ਜਾਣਕਾਰੀ ਛੁਪਾਈ ਕਿ ਭਾਰਤੀ ਕੰਪਨੀ ਯੂਐਸ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਅਤੇ ਡਿਪਾਰਟਮੈਂਟ ਆਫ਼ ਜਸਟਿਸ ਦੇ ਜਾਂਚ ਦਾ ਸਾਹਮਣਾ ਕਰ ਰਹੀ ਹੈ।

ਗ਼ਲਤ ਡਾਟਾ ਦਿਖਾ ਕੇ ਵੇਚੀ ਸੀ ਰਨਬੈਕਸੀ : ਇਸ ਹੁਕਮ ਤੋਂ ਬਾਅਦ ਫਾਰਮਾਸਿਊਟੀਕਲ ਕੰਪਨੀ ਦਾਇਚੀ ਨੇ ਦਿੱਲੀ ਹਾਈਕੋਰਟ ਨੂੰ ਮਲਵਿੰਦਰ ਅਤੇ ਸ਼ਿਵਿੰਦਰ ਤੋਂ 3500 ਕਰੋੜ ਰੁਪਏ ਵਸੂਲਣ ਦੀ ਇਜਾਜ਼ਤ ਮੰਗੀ ਸੀ। ਇਹ ਵਿਵਾਦ ਲਗਭਗ 10 ਸਾਲ ਪੁਰਾਣਾ ਹੈ। ਸਾਲ 2008 ਵਿੱਚ ਰਨਬੈਕਸੀ ਦੇ ਮਾਲਕ ਮਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਸਨ ਅਤੇ ਉਨ੍ਹਾਂ ਨੇ ਰਨਬੈਕਸੀ ਨੂੰ ਵੇਚਦੇ ਸਮੈਂ ਦਾਇਚੀ ਨੂੰ ਗ਼ਲਤ ਜਾਣਕਾਰੀਆਂ ਦਿੱਤੀਆਂ ਸਨ। ਰਨਬੈਕਸੀ ਨੇ ਸਾਲ 2004 ਵਿੱਚ ਆਪਣੀਆਂ ਦਵਾਈਆਂ 40 ਦੇਸ਼ਾਂ ਵਿੱਚ ਭੇਜਣ ਲਈ ਗ਼ਲਤ ਡਾਟੇ ਦੀ ਵਰਤੋਂ ਕੀਤੀ ਸੀ।

ਦੋਵਾਂ ਭਰਾਵਾਂ ਦਾ ਫੋਰਟਿਸ ਹੈਲਥਕੇਅਰ ਵਿੱਚ ਹੈ 34 ਫੀਸਦੀ : ਜਦੋਂ ਇਸ ਦੀ ਜਾਣਕਾਰੀ ਦਾਇਚੀ ਨੂੰ ਪਤਾ ਲੱਗੀ ਤਾਂ ਉਸ ਨੇ ਸਿੰਗਾਪੁਰ ਦੀ ਅਦਾਲਤ ਵਿੱਚ ਮਾਮਲਾ ਦਰਜ ਕਰਵਾਇਆ। ਇਸ ਵਿੱਚ ਦਾਇਚੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਜੇਕਰ ਇਸ ਸਬੰਧ ਵਿੱਚ ਪਹਿਲਾਂ ਪਤਾ ਹੁੰਦਾ ਤਾਂ ਉਹ ਰਨਬੈਕਸੀ ਨੂੰ ਕਦੇ ਨਹੀਂ ਖਰੀਦਦੇ। ਦੋਵਾਂ ਭਰਾਵਾਂ ਦਾ ਫੋਰਟਿਸ ਹੈਲਥਕੇਅਕਰ ਵਿੱਚ 34 ਫੀਸਦੀ ਹਿੱਸਾ ਹੈ। ਉਨ੍ਹਾਂ ਦੀ ਇਹ ਹਿੱਸੇਦਾਰੀ ਬਣੀ ਰਹੇਗੀ। ਹਾਲਾਂਕਿ ਕੋਰਟ ਨੇ ਉਨ੍ਹਾਂ ਦੇ ਸ਼ੇਅਰ ਵੇਚਣ ’ਤੇ ਰੋਕ ਲਗਾਈ ਹੋਈ ਹੈ।

ਦੱਸ ਦੇਈਏ ਕਿ ਨਿਊਯਾਰਕ ਦੇ ਇੱਕ ਨਿਵੇਸ਼ਕ ਨੇ ਵੀ ਦਿੱਲੀ ਹਾਈਕੋਰਟ ਵਿੱਚ ਫਾਈਨੈਂਸ਼ੀਅਲ ਸਰਵਿਸਜ਼ ਕੰਪਨੀ ਰੈਲੀਗੇਅਰ ਐਂਟਰਪ੍ਰਾਈਜਜ਼ ਲਿਮਟਿਡ ਦੇ ਮਾਲਕ ਮਾਲਵਿੰਦਰ ਅਤੇ ਉਸ ਦੇ ਸੰਨਿਆਸੀ ਬਣ ਚੁੱਕੇ ਭਰਾ ਸ਼ਿਵਿੰਦਰ ਸਿੰਘ ਵਿਰੁੱਧ ਫੰਡ ਵਿੱਚ ਧੋਖਾਧੜੀ ਅਤੇ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕਰਵਾਇਆ ਸੀ।

ਜਿਕਰਯੋਗ ਹੈ ਕਿ ਸ਼ਵਿੰਦਰ ਮੋਹਨ ਸਿੰਘ ਨੇ 2015 ਵਿੱਚ ਸੰਨਿਆਸੀ ਬਣਨ ਦਾ ਐਲਾਨ ਕੀਤਾ ਸੀ। ਉਸ ਨੇ ਫੋਰਟਿਸ ਹੈਲਥਕੇਅਰ ਦੇ ਵਾਈਸ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ 1 ਜਨਵਰੀ 216 ਨੂੰ ਅਧਿਆਤਮਕ ਸੰਗਠਨ, ਰਾਧਾ ਸਵਾਮੀ ਸਤਿਸੰਗ ਬਿਆਸ ਨਾਲ ਨਾਤਾ ਜੋੜ ਲਿਆ ਸੀ।

ਹੋਰ ਖਬਰਾਂ »