ਤਾਲਿਬਾਨ ਕਮਾਂਡਰ ਸਮੇਤ 3 ਅਤਿਵਾਦੀਆਂ ਦੀ ਮੌਤ

ਇਸਲਾਮਾਬਾਦ, 9 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਪਾਕਿਸਤਾਨ ਦੇ ਉੱਤਰੀ ਵਜੀਰੀਸਤਾਨ ਸੂਬੇ ਵਿੱਚ ਅਮਰੀਕਾ ਨੇ ਫੌਜੀ ਕਾਰਵਾਈ ਕਰਦੇ ਹੋਏ ਡਰੋਨ ਹਮਲਾ ਕੀਤਾ, ਜਿਸ ਵਿੱਚ ਤਿੰਨ ਅਤਿਵਾਦੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ। ਅਮਰੀਕਾ ਨੇ ਪਾਕਿਸਤਾਨ ਦੇ ਵਜੀਰੀਸਤਾਨ ਸੂਬੇ ਵਿੱਚ ਅਤਿਵਾਦੀਆਂ ਦੇ ਟਿਕਾਣਿਆਂ ਦਾ ਪਤਾ ਲੱਗਣ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਸਵੇਰੇ ਇੱਕ ਅਤਿਵਾਦੀ ਕੈਂਪ ’ਤੇ ਡਰੋਨ ਨਾਲ ਹਮਲਾ ਕਰ ਦਿੱਤਾ। ਪਾਕਿਸਤਾਨੀ ਮੀਡੀਆ ਦੇ ਮੁਤਾਬਕ ਇਸ ਹਮਲੇ ਵਿੱਚ ਅਤਿਵਾਦੀ ਸੰਗਠਨ ਤਾਲਿਬਾਨ ਦੇ ਡਿਪਟੀ ਕਮਾਂਡਰ ਸਮੇਤ ਹੱਕਾਨੀ ਨੈਟਵਰਕ ਦੇ ਤਿੰਨ ਅਤਿਵਾਦੀਆਂ ਦੀ ਮੌਤ ਹੋਈ ਹੈ।
ਪਾਕਿਸਤਾਤਨ ’ਤੇ ਅਤਿਵਾਦੀ ਸੰਗਠਨਾਂ ’ਤੇ ਕਾਰਵਾਈ ਕਰਨ ਲਈ ਅਮਰੀਕਾ ਲਗਾਤਾਰ ਦਬਾਅ ਪਾ ਰਿਹਾ ਹੈ। ਹਾਲ ਹੀ ਵਿੱਚ ਕਾਬੁਲ ਵਿੱਚ ਅਤਿਵਾਦੀ ਹਮਲਿਆਂ ਲਈ ਵੀ ਪਾਕਿਸਤਾਨ ਨੂੰ ਜਿੰਮੇਦਾਰ ਠਹਿਰਾਇਆ ਗਿਆ ਹੈ। ਪਿਛਲੇ ਮਹੀਨੇ ਕਾਬੁਲ ਵਿੱਚ ਹੋਏ ਅਤਿਵਾਦੀ ਧਮਾਕਿਆਂ ਵਿੱਚ ਅਫਗਾਨਿਸਤਾਨ ਸਬੂਤਾਂ ਦੇ ਪਾਕਿਸਤਾਨੀ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕੀਤੇ ਸਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਤਿਵਾਦੀ ਸੰਗਠਨਾਂ ’ਤੇ ਕਾਰਵਾਈ ਨਾ ਕਰਨ ਲਈ ਪਿਛਲੇ ਮਹੀਨੇ ਪਾਕਿਸਤਾਨ ਸਰਕਾਰ ਨੂੰ ਝਾੜ ਪਾਈ ਸੀ। ਉਸ ਸਮੇਂ ਟਰੰਪ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਵਿੱਤੀ ਮਦਦ ਵੀ ਰੋਕ ਦਿੱਤੀ ਸੀ। ਹਾਲਾਂਕਿ, ਅਮਰੀਕਾ ਅਜੇ ਵੀ ਕਹਿ ਰਿਹਾ ਹੈ ਕਿ ਜੇਕਰ ਪਾਕਿਸਤਾਨ ਆਪਣੇ ਦੇਸ਼ ਵਿੱਚ ਪਲ ਰਹੇ ਦਹਿਸ਼ਤਗਰਦਾਂ ਵਿਰੁੱਧ ਸਖ਼ਤ ਕਾਰਵਾਈ ਕਰਦਾ ਹੈ ਤਾਂ ਵਿੱਤੀ ਮਦਦ ਦੇਣ ਲਈ ਫਿਰ ਤੋਂ ਵਿਚਾਰ ਕੀਤਾ ਜਾ ਸਕਦਾ ਹੈ।

ਹੋਰ ਖਬਰਾਂ »