ਵਾਸ਼ਿੰਗਟਨ, 9 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤੀ ਮੂਲ ਦੇ ਰਾਜ ਸ਼ਾਹ ਨੇ ਵਾਈਟ ਹਾਊਸ ਦੇ ਬੁਲਾਰੇ ਦੇ ਤੌਰ ’ਤੇ ਆਪਣੇ ਕੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਉਨ੍ਹਾਂ ਨੇ ਪਹਿਲੀ ਵਾਰ ਵਾਈਟ ਹਾਊਸ ਦੀ ਨਿਯਮਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਅਜਿਹਾ ਕਰਨ ਵਾਲੇ ਉਹ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਬਣ ਗਏ ਹਨ।
33 ਸਾਲਾ ਸ਼ਾਹ ਵਾਈਟ ਹਾਊਸ ਦੇ ਮੁੱਖ ਉਪ ਪ੍ਰੈਸ ਸਕੱਤਰ ਹਨ। ਵਾਈਟ ਹਾਊਸ ਦੇ ਪ੍ਰੈਸ ਵਿਭਾਗ ਵਿੱਚ ਭਾਰਤੀ ਮੂਲ ਦੇ ਕਿਸੇ ਵਿਅਕਤੀ ਲਈ ਇਹ ਸਰਵਉੱਚ ਅਹੁਦਾ ਹੈ। ਪ੍ਰੈਸ ਬ੍ਰੀਫਿੰਗ ਲਈ ਸ਼ਾਹ ਦੇ ਪਹਿਲੇ ਸੰਬੋਧਨ ਤੋਂ ਪਹਿਲਾਂ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਤੇ ਸਭ ਤੋਂ ਸੀਨੀਅਰ ਅਤੇ ਤਜ਼ਰਬੇਕਾਰ ਅਧਿਕਾਰੀਆਂ ਵਿੱਚੋਂ ਇੱਕ ਹਨ। ਸ਼ਾਹ ਨੂੰ ਪਿਛਲੇ ਸਾਲ ਸਤੰਬਰ ਵਿੱਚ ਮੁੱਖ ਉਪ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਜਹਾਜ਼ ‘ਏਅਰ ਫੋਰਸ ਵਨ’ ਵਿੱਚ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਤਦ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਸੌਰੀ ਜਾ ਰਹੇ ਸਨ। ਗੁਜਰਾਤੀ ਮਾਤਾ-ਪਿਤਾ ਦੀ ਸੰਤਾਨ ਸ਼ਾਹ ਦਾ ਜਨਮ 1984 ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਪਿਛਲੀ ਸਦੀ ਵਿੱਚ ਸੱਤਵੇਂ ਦਹਾਕੇ ਵਿੱਚ ਸ਼ਿਕਾਗੋ ਚਲੇ ਗਏ ਸਨ। ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਕਨੈਕਟਿਕਟ ਵਿੱਚ ਵਸ ਗਿਆ ਸੀ। ਉੱਥੇ ਹੀ ਸ਼ਾਹ ਦਾ ਜਨਮ ਹੋਇਆ ਸੀ।

ਹੋਰ ਖਬਰਾਂ »