ਡੂਗ ਫੋਰਡ, ਕੈਰੋਲੀਨ ਮੁਲਰੌਨੀ ਤੇ ਕ੍ਰਿਸਟੀਨ ਇਲੀਅਟ ਨਾਲ ਲਵੇਗੀ ਟੱਕਰ

ਓਨਟਾਰੀਓ, 9 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਓਨਟਾਰਿਉ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਚੌਥੇ ਉਮੀਦਵਾਰ ਵਜੋਂ ਤਾਨਿਆ ਗਰੈਨਿਕ ਐਲਨ ਅੱਗੇ ਆਈ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਹ ਪਹਿਲਾਂ ਐਲਾਨੇ ਗਏ ਉਮੀਦਵਾਰਾਂ ਡੂਗ ਫੋਰਡ, ਕੈਰੋਲੀਨ ਮੁਲਰੌਨੀ ਤੇ ਕ੍ਰਿਸਟੀਨ ਇਲੀਅਟ ਨੂੰ ਸਖ਼ਤ ਟੱਕਰ ਦੇਵੇਗੀ। ਤਾਨਿਆ ਦੇ ਮਾਪਿਆਂ ਨੇ ਪਹਿਲੀ ਵਾਰ ਓਨਟਾਰਿਉ ਵਿੱਚ ਮੌਜੂਦਾ ਸੈਕਸ-ਸਿੱਖਿਆ ਪਾਠਕ੍ਰਮ ਵਿਰੁੱਧ ਜ਼ਮੀਨੀ ਲਹਿਰ ਚਲਾਈ ਸੀ। ਤਾਨਿਆ ਗਰੈਨਿਕ ਐਲਨ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਮਾਪਿਆਂ ਵੱਲੋਂ ਸੂਬੇ ਭਰ ਵਿੱਚ ਚਲਾਈ ਜਾ ਰਹੀ ਮੌਜੂਦਾ ਸੈਕਸ-ਸਿੱਖਿਆ ਪਾਠਕ੍ਰਮ ਵਿਰੁੱਧ ਮੁਹਿੰਮ ਦੀ ਆਵਾਜ਼ ਬੋਲੇ ਕੰਨਾਂ ਤੱਕ ਨਹੀਂ ਪਹੁੰਚ ਸਕਦੀ।  ਉਨ੍ਹਾਂ ਕਿਹਾ ਕਿ ਸਾਨੂੰ ਸਮਾਜਿਕ ਰੂੜੀਵਾਦੀ ਆਵਾਜ਼ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਨੂੰ ਆਪਣਾ ਸੁਨੇਹਾ ਉੱਚੀ ਅਤੇ ਸਪੱਸ਼ਟ ਆਵਾਜ਼ ਵਿੱਚ ਲੋਕਾਂ ਤੱਕ ਪਹੁੰਚ ਦੀ ਲੋੜ ਹੈ।  ਤਾਨਿਆ ਨੇ ਕਿਹਾ ਕਿ ਉਸ ਨੂੰ ਪਹਿਲਾਂ ਐਲਾਨੇ ਗਏ ਤਿੰਨ ਉਮੀਦਵਾਰਾਂ ’ਤੇ ਇਹ ਯਕੀਨ ਨਹੀਂ ਹੈ ਕਿ ਉਹ ਲੋਕਾਂ ਤੱਕ ਇਸ ਮੁਹਿੰਮ ਨੂੰ ਪਹੁੰਚਾਉਣ ਲਈ ਮਜ਼ਬੂਤ ਆਵਾਜ਼ ਬਣਨਗੇ।

ਦੱਸ ਦੇਈਏ ਕਿ ਡੂਗ ਫੋਰਡ ਨੇ 29 ਜਨਵਰੀ ਨੂੰ ਇਸ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ ਅਤੇ ਕ੍ਰਿਸਟੀਨ ਇਲੀਅਟ ਨੇ 1 ਫਰਵਰੀ ਨੂੰ, ਜਦਕਿ ਮੁਲਰੋਨੀ ਨੇ 5 ਫਰਵਰੀ ਨੂੰ ਇਸ ਦੌੜ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

ਓਨਟਾਰਿਉ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਲੀਡਰਸ਼ਿਪ ਲਈ ਦੌੜ ਪੈਟਰਿਕ ਬਰਾਊਨ ਵੱਲੋਂ ਇਸ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਸ਼ੁਰੂ ਹੋਈ ਹੈ।  ਉਸ ’ਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗੇ ਸਨ, ਪਰ ਪੈਟਰਿਕ ਬਰਾਊਨ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਤਾਨਿਆ ਗਰੈਨਿਕ ਐਲਨ ਨੇ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰੇਗੀ ਕਿ ਉਹ ਲੀਡਰਸ਼ਿਪ ਦੀ ਦੌੜ ਵਿੱਚ ਉਸ ਦੀ ਮਦਦ ਕਰਨ।  ਉਸ ਨੇ ਕਿਹਾ ਕਿ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਮੇਰੇ ਨਾਮਜ਼ਦਗੀ ਕਾਗਜਾਂ ’ਤੇ ਦਸਤਖ਼ਤ ਕਰਨ ਅਤੇ ਫਿਰ ਲੀਡਰਸ਼ਿਪ ਦੀ ਦੌੜ ਲਈ ਐਂਟਰੀ ਫੀਸ ਵਿੱਚ ਵੀ ਮਦਦ ਕਰਨ। ਇਸ ਦੇ ਲਈ ਐਂਟਰੀ ਫੀਸ 1 ਲੱਖ ਡਾਲਰ ਹੈ। ਤਾਨਿਆ ਨੇ ਕਿਹਾ ਕਿ ਜੇਕਰ ਪੀਸੀ ਪਾਰਟੀ ਮੈਨੂੰ ਮੌਕਾ ਦਿੰਦੀ ਹੈ ਤਾਂ ਮੈਂ ਉਸ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਦਾ ਯਤਨ ਕਰਾਂਗੀ। ਫੋਰਡ ਨੇ ਟਵਿੱਟਰ ਗਰੈਨਿਕ ਦਾ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਲਈ ਸਵਾਗਤ ਕੀਤਾ ਹੈ।

ਓਨਟਾਰੀਓ ਦੀ ਪ੍ਰੋਗ੍ਰੈਸਿਵ ਕੰਜ਼ਰਵੇਟਿਵ ਪਾਰਟੀ 10 ਮਾਰਚ ਨੂੰ ਆਪਣੇ ਨਵੇਂ ਆਗੂ ਦੀ ਚੋਣ ਕਰੇਗੀ।

ਹੋਰ ਖਬਰਾਂ »