ਬਠਿੰਡਾ, 10 ਫ਼ਰਵਰੀ (ਹ.ਬ.) : ਪਿਛਲੇ ਸਾਲ 31 ਜਨਵਰੀ ਨੂੰ ਮੌੜ ਮੰਡੀ ਵਿਚ ਚੋਣ ਰੈਲੀ ਦੌਰਾਨ ਹੋਏ ਬੰਬ ਬਲਾਸਟ ਮਾਮਲੇ ਵਿਚ ਪੁਲਿਸ ਜੇਲ੍ਹ ਵਿਚ ਬੰਦ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਕੋਲੋਂ ਵੀ ਪੁਛਗਿੱਛ ਕਰ ਸਕਦੀ ਹੈ। ਡੀਜੀਪੀ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਰਾਮ ਰਹੀਮ ਨੂੰ ਵੀ ਜਾਂਚ 'ਚ ਸ਼ਾਮਲ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਪੁਲਿਸ ਨੇ ਮੌੜ ਮੰਡੀ ਬਲਾਸਟ ਵਿਚ ਇੱਕ ਸਾਲ ਨੌਂ ਦਿਨ ਬਾਅਦ ਦੋ ਦੋਸ਼ੀਆਂ ਦੇ ਨਾਂ ਨਾਮਜ਼ਦ ਕੀਤੇ।  ਅਮਰੀਕ ਸਿੰਘ ਅਤੇ ਗੁਰਤੇਜ ਕਾਲਾ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਚਾਰ ਗਵਾਹਾਂ ਦੇ ਅਦਾਲਤ ਵਿਚ ਬਿਆਨ ਦੇਣ ਤੋਂ ਬਾਅਦ ਪੁਲਿਸ ਨੇ ਦੋਸ਼ੀ ਗੁਰਤੇਜ ਕਾਲਾ ਅਤੇ ਅਮਰੀਕ ਦੀ ਭਾਲ ਸ਼ੁਰੂ  ਕਰ ਦਿੱਤੀ ਹੈ। 
ਗੁਰਤੇਜ ਕਾਲਾ ਵਰਕਸ਼ਾਪ ਵਿਚ ਗੱਡੀ ਲੈ ਕੇ ਆਇਆ ਸੀ ਅਤੇ ਇਹ ਵੀ  ਹੋ ਸਕਦਾ ਹੈ ਕਿ ਅਮਰੀਕ ਨੇ ਬੰਬ ਤਿਆਰ ਕੀਤਾ ਹੋਵੇ। ਗੁਰਤੇਜ ਕਾਲਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜਦ ਕਿ ਅਮਰੀਕ ਸਿੰਘ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਦੇ ਨਰਾਇਣ ਸਿੰਘ ਨੇ ਸਰਦੂਲਗੜ੍ਹ ਤੋਂ ਲੈ ਜਾ ਕੇ ਬਲਾਸਟ ਵਿਚ Îਇਸਤੇਮਾਲ ਕੀਤੀ ਗਈ ਕਾਰ ਦਾ ਸਮਾਨ ਬਦਲਿਆ ਸੀ। ਨਰਾਇਣ ਸਿੰਘ ਪਿਛਲੇ 18 ਸਾਲ ਤੋਂ ਡੇਰੇ ਵਿਚ ਹੀ ਰਹਿ ਰਿਹਾ ਸੀ। 25 ਅਗਸਤ ਨੂੰ ਕੰਮ ਬੰਦ ਹੋ ਜਾਣ ਤੋਂ ਬਾਅਦ ਉਹ ਅਪਣੇ ਬੇਟੇ ਨੂੰ ਸਿਰਸਾ ਵਿਚ ਦੁਕਾਨ ਖੁਲਵਾਉਣੀ ਚਾਹੁੰਦਾ ਸੀ।  ਉਥੇ ਦੁਕਾਨ ਦਾ ਕੰਮ ਚਲ ਰਿਹਾ ਸੀ ਕਿ ਉਹ ਛੱਤ ਤੋਂ ਡਿੱਗ ਗਿਆ ਸੀ। ਪਿਛਲੇ ਮੰਗਲਵਾਰ ਹੀ ਉਸ ਦੀ ਮੌਤ ਹੋਈ। 
ਤਲਵੰਡੀ ਸਾਬੋ ਅਦਾਲਤ ਵਿਚ ਪੁਲਿਸ ਨੇ ਜਿਹੜੇ ਚਾਰ ਗਵਾਹਾਂ ਨੂੰ ਪੇਸ਼ ਕੀਤਾ ਸੀ ਉਹ ਖੁਦ ਪੁਲਿਸ ਦੇ ਕੋਲ ਆਏ ਸੀ। ਡੀਆਈਜੀ ਰਣਬੀਰ ਖੱਟੜਾ ਨੇ ਮੰਨਿਆ ਕਿ ਚਾਰ ਗਵਾਹ ਖੁਦ ਪੁਲਿਸ ਦੇ ਕੋਲ ਆਏ ਸੀ। ਉਹ ਪਹਿਲਾਂ ਮਾਨਸਾ ਪਹੁੰਚੇ ਫੇਰ ਉਥੋਂ ਮੌੜ ਮੰਡੀ ਥਾਣੇ ਗਏ।  ਥਾਣੇ ਵਿਚ ਉਨ੍ਹਾਂ ਨੇ ਕਾਰ ਦੀ ਸ਼ਨਾਖਤ ਕੀਤੀ ਜਿਸ ਵਿਚ ਧਮਾਕਾ ਹੋਇਆ ਸੀ। ਹਾਲਾਂਕਿ ਡੀਆਈਜੀ ਨੇ ਕਿਹਾ ਕਿ ਪੁਲਿਸ ਵੀ ਹਰਿਆਣਾ ਦੇ ਸਿਰਸਾ ਖੇਤਰ ਵਿਚ ਗਈ ਸੀ ਅਤੇ ਉਥੇ ਉਨ੍ਹਾਂ ਕਾਫੀ ਸੁਰਾਗ ਮਿਲੇ ਸੀ। ਜਿੱਥੋਂ ਇਨ੍ਹਾਂ ਲੋਕਾਂ ਨੇ ਸਪੇਅਰ ਪਾਰਟ ਖਰੀਦੇ ਸਨ, ਉਥੇ ਤੱਕ ਪੁਲਿਸ ਪਹੁੰਚ ਗਈ ਸੀ। ਡੈਂਟਰ ਨੇ ਪੁਲਿਸ ਨੂੰ ਦੱਸਿਆ ਕਿ ਇਹ ਉਹੀ ਗੱਡੀ ਹੈ, ਜਿਸ ਨੂੰ ਉਸ ਨੇ ਲਾਲ ਰੰਗ ਤੋਂ ਚਿੱਟਾ ਰੰਗ ਪੇਂਟ ਕੀਤਾ ਸੀ, ਜਦ ਕਿ ਸਪਲਾਇਰ  ਨੇ ਦੱਸਿਆ ਕਿ ਉਨ੍ਹਾਂ ਕੋਲੋਂ ਹੀ ਇਹ ਪੁਰਾਣੇ ਮਾਡਲ ਦੀ ਕਾਰ ਵਿਚ ਨਵੀਆਂ ਸੀਟਾਂ ਲਗਾਈਆਂ ਸਨ।

ਹੋਰ ਖਬਰਾਂ »