ਅਮਰੀਕਾ ਤੇ ਆਸਟ੍ਰੇਲੀਆ ਤੋਂ ਵੀ ਆ ਰਹੇ ਨੇ ਮਰੀਜ਼
  ਨਵੀਂ ਦਿੱਲੀ, 12 ਫ਼ਰਵਰੀ (ਹ.ਬ.) : ਇਹ ਭਾਰਤ ਦੇ ਲਈ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀਆਂ ਦੇ ਲਈ ਭਾਰਤ ਬਿਮਾਰੀਆਂ ਦਾ ਇਲਾਜ ਕਰਾਉਣ ਲਈ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਡਾਕਟਰੀ ਖੇਤਰ ਵਿਚ ਭਾਰਤੀ ਦੀ ਪ੍ਰਸਿੱਧੀ ਦੁਨੀਆ ਵਿਚ ਵਧਣ ਦਾ ਇਹੀ ਪ੍ਰਮਾਣ ਹੈ ਕਿ ਸਾਲ 2016 ਵਿਚ 1678 ਪਾਕਿਸਤਾਨੀਆਂ ਅਤੇ 296  ਅਮਰੀਕੀਆਂ ਸਮੇਤ ਦੋ ਲੱਖ ਤੋਂ ਜ਼ਿਆਦਾ ਵਿਦੇਸ਼ੀਆਂ ਨੇ ਭਾਰਤ ਆ ਕੇ ਅਪਣਾ ਇਲਾਜ ਕਰਵਾਇਆ। 
ਇਸ ਬਾਰੇ ਵਿਚ ਗ੍ਰਹਿ ਮੰਤਰਾਲੇ ਦੇ ਅੰਕੜੇ ਕਹਿੰਦੇ ਹਨ ਕਿ 2016 ਵਿਚ ਵਿਸ਼ਵ ਦੇ 54 ਦੇਸ਼ਾਂ ਦੇ 2,01,099 ਨਾਗਰਿਕਾਂ ਨੂੰ ਇਲਾਜ ਲਈ ਵੀਜ਼ਾ ਜਾਰੀ ਕੀਤਾ ਗਿਆ। ਭਾਰਤ ਨੇ 2014 ਵਿਚ ਅਪਣੀ ਵੀਜ਼ਾ ਨੀਤੀ ਨੂੰ ਉਦਾਰ ਬਣਾਇਆ ਸੀ। ਇਕ ਉਦਯੋਗ ਮੰਡਲ ਦਾ ਸਰਵੇਖਣ ਕਹਿੰਦਾ ਹੈ ਕਿ ਭਾਰਤ ਦਾ ਇਸ ਪਾਸੇ ਉਭਰਨ ਦਾ ਪ੍ਰਮੁੱਖ ਕਾਰਨ ਵਿਕਸਿਤ ਦੇਸ਼ਾਂ ਦੀ ਤੁਲਨਾ ਵਿਚ ਇੱਥੇ ਕਾਫੀ ਘੱਟ ਕੀਮਤ 'ਤੇ ਉਚਿਤ ਡਾਕਟਰੀ ਸਹੂਲਤ ਉਪਲਬਧ ਹੋਣਾ ਹੈ। ਇਸ ਸਰਵੇਖਣ ਵਿਚ ਦੇਸ਼ ਦਾ ਚਿਕਿਤਸਾ ਪਰਯਟਨ ਤਿੰਨ ਅਰਬ ਡਾਲਰ ਹੋਣ ਦਾ ਅਨੁਮਾਨ ਜਤਾਇਆ ਗਿਆ ਹੈ ਜੋ ਕਿ 2020 ਤੱਕ ਵਧ ਕੇ 7-8 ਅਰਬ ਡਾਲਰ ਹੋ ਸਕਦਾ ਹੈ। ਜੇਕਰ ਅੰਕੜਿਆਂ 'ਤੇ ਯਕੀਨ ਕਰੀਏ ਤਾਂ 2016 ਵਿਚ ਸਭ ਤੋਂ ਜ਼ਿਆਦਾ ਇਲਾਜ ਲਈ ਵੀਜ਼ਾ ਬੰਗਲਾਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ। ਇਸ ਤੋਂ ਬਾਅਦ ਅਫ਼ਗਾਨਿਸਤਾਨ, ਇਰਾਕ, ਓਮਾਨ, ਉਜਬੇਕਿਸਤਾਨ, ਨਾਈਜੀਰੀਆ ਸਮੇਤ ਹੋਰ ਦੇਸ਼ਾਂ ਦਾ ਨਾਂ ਸ਼ਾਮਲ ਹੈ। ਇਸੇ ਦੇ ਨਾਲ ਪਾਕਿਸਤਾਨ, ਅਮਰੀਕਾ, ਬਰਤਾਨੀਆ, ਰੂਸ ਤੇ ਆਸਟ੍ਰੇਲੀਆ  ਦੇ ਨਾਗਰਿਕਾਂ ਨੂੰ ਵੀ ਇਲਾਜ ਲਈ ਵੀਜ਼ਾ ਜਾਰੀ ਕੀਤਾ ਗਿਆ।

ਹੋਰ ਖਬਰਾਂ »