ਫਿਰੋਜ਼ਪੁਰ, 13 ਫ਼ਰਵਰੀ (ਹ.ਬ.) : ਜ਼ੀਰਾ ਵਿਧਾਨ ਸਭਾ ਹਲਕੇ ਦੇ ਪਿੰਡ ਸੇਖਵਾਂ ਵਿਚ ਸੋਮਵਾਰ ਸ਼ਾਮ ਕਰੀਬ ਸਾਢੇ ਚਾਰ ਵਜੇ ਲਗਭਗ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ।  5-7 ਮਿੰਟ ਤੱਕ ਆਏ ਤੂਫ਼ਾਨ ਵਿਚ ਪਿੰਡ ਦੇ ਕਈ ਮਕਾਨ ਡਿੱਗ ਪਏ ਤੇ ਕਈਆਂ ਦੀਆਂ ਛੱਤਾਂ ਉਡ ਗਈਆਂ। ਘਰਾਂ ਦਾ ਸਮਾਨ ਜਿੱਥੇ ਖੇਤਾਂ ਵਿਚ ਪੁੱਜ ਗਿਆ ਉਥੇ ਘਰਾਂ ਦੇ ਬਾਹਰ ਖੜ੍ਹੇ ਟਰੈਕਟਰ, ਜੀਪਾਂ, ਕਾਰਾਂ ਤੇ ਹੋਰ ਮੋਟਰ ਗੱਡੀਆਂ ਹਵਾ ਵਿਚ ਝੁਲਦੀਆਂ ਹੋਈਆਂ ਪੁੱਠੀਆਂ ਹੋ ਗਈਆਂ। ਤੂਫਾਨ ਵਿਚ ਉਡੀਆਂ ਇੱਟਾਂ ਤੇ ਲੋਹੇ ਦੀਆਂ ਚਾਦਰਾਂ ਲੱਗਣ ਨਾਲ ਪਿੰਡ ਦੇ 15 ਵਿਅਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਉਣਾ ਪਿਆ। ਬਿਜਲੀ ਦੇ ਖੰਭਿਆਂ ਦੀ ਤਾਰਾਂ 'ਚ ਹਵਾ ਵਿਚ ਉਡੇ ਸਮਾਨ ਫਸ ਜਾਣ ਕਾਰਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ।
ਇਸ ਤੋਂ ਪਹਿਲਾਂ 2016 ਵਿਚ ਵੀ ਹਨੇਰੀ ਕਾਰਨ Îਇਕ ਪੈਲੇਸ ਦੀ ਛੱਤ ਉਡ ਗਈ ਸੀ ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ। ਫਿਰੋਜ਼ਪੁਰ ਦੇ ਡੀਸੀ  ਰਾਮਵੀਰ ਸਿੰਘ ਨੇ ਕਿਹਾ ਕਿ ਐਸਡੀਐਮ ਜ਼ੀਰਾ  ਨੂੰ ਨੁਕਸਾਨ ਦੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਪ੍ਰਭਾਵਤ ਲੋਕਾਂ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚੋਂ ਸਹਾਇਤਾ ਦਿਵਾਈ ਜਾਵੇਗੀ। ਮੌਸਮ ਵਿਭਾਗ ਤੋਂ ਚੱਕਰਵਾਤੀ ਤੂਫਾਨ ਤੇ ਹਵਾ ਦੀ ਰਫਤਾਰ ਦੀ ਰਿਪੋਰਟ ਮੰਗੀ ਗਈ ਹੈ। ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਤੇ ਅਬੋਹਰ-ਫਾਜ਼ਿਲਕਾ ਵਿਚ 18 ਫਰਵਰੀ 2003 ਨੂੰ ਵੀ ਅਜਿਹਾ ਹੀ ਤੂਫਾਨ ਆਇਆ ਸੀ। ਇਸ ਦੀ ਲਪੇਟ ਵਿਚ ਆ ਕੇ ਫਿਰੋਜ਼ਪੁਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ, ਸੌ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸੀ।

ਹੋਰ ਖਬਰਾਂ »