ਫੌਜ ਹੋਵੇਗੀ ਹੋਰ ਵੀ ਤਾਕਤਵਰ

ਨਵੀਂ ਦਿੱਲੀ, 13 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਹੁਣ ਹਥਿਆਰਬੰਦ ਦਸਤੇ ਹੋਰ ਵੀ ਅੱਤ ਆਧੁਨਿਕ ਹਥਿਆਰਾਂ ਨਾਲ ਲੈਸ ਹੋਣ ਜਾ ਰਹੇ ਹਨ। ਸਰਕਾਰ ਨੇ ਮੰਗਲਵਾਰ ਨੂੰ ਹਥਿਆਰਬੰਦ ਦਸਤਿਆਂ ਲਈ ਕੁਝ ਲੋੜੀਂਦੇ ਹਥਿਆਰ ਖਰੀਦਣ ਦੀ ਇੱਕ ਯੋਜਨਾ ਨੂੰ ਮਨਜੂਰੀ ਦੇ ਦਿੱਤੀ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਿੱਚ ਹੋਈ ਰੱਖਿਆ ਖਰੀਦ ਪ੍ਰੀਸ਼ਦ ਨੇ 15,935 ਕਰੋੜ ਦੇ ਰੱਖਿਆ ਸੌਦਿਆਂ ਨੂੰ ਮਨਜੂਰੀ ਪ੍ਰਦਾਨ ਕੀਤੀ ਹੈ।

ਇਸ ਵਿੱਚ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਫੌਜੀਆਂ ਦੇ ਵਧੀਆ ਨਿੱਜੀ ਹਥਿਆਰ ਮੁਹੱਈਆ ਕਰਵਾਉਣ ’ਤੇ ਖਾਸਾ ਧਿਆਨ ਦਿੱਤਾ ਗਿਆ ਹੈ। ਸਰਕਾਰ ਨੇ ਕਿਹਾ ਕਿ ਇਸ ਸੂਚੀ ਵਿੱਚ ਲਾਈਟ ਮਸ਼ੀਨ ਗੰਨ, ਅਸਾਲਟ ਰਾਈਫਲਜ਼ ਅਤੇ ਸਨੀਪਰ ਰਾਈਫਲਜ਼ ਆਦਿ ਸ਼ਾਮਲ ਹਨ। ਜਿਨ੍ਹਾਂ ਹਥਿਆਰਾਂ ਦੀ ਖਰੀਦਦਾਰੀ ਹੋਣੀ ਹੈ, ਉਹ ‘ਫਾਸਟ ਟਰੈਕ ਪ੍ਰਕਿਰਿਆ’ ਦੇ ਮਾਧਿਅਮ ਨਾਲ ਹਾਸਲ ਕੀਤੇ ਜਾਣਗੇ।

ਇਨਾਂ ਵਿੱਚੋਂ 1819 ਕਰੋੜ ਦੀ ਲਾਗਤ ਨਾਲ ਫੌਜ ਲਈ ਲਾਈਟ ਮਸ਼ੀਨ ਗੰਨਜ਼ ਦੀ ਫਾਸਟ ਟਰੈਕ ਆਧਾਰ ’ਤੇ ਖਰੀਦ ਨੂੰ ਮਨਜੂਰੀ ਦਿੱਤੀ ਗਈ ਹੈ। ਇਸ ਨਾਲ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਜਵਾਨਾਂ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਇਸ ਤੋਂ ਇਲਾਵਾ ਰੱਖਿਆ ਖਰੀਦ ਪ੍ਰੀਸ਼ਦ ਨੇ ਫੌਜ ਦੇ ਤਿੰਨਾਂ ਅੰਗਾਂ ਲਈ 12,280 ਕਰੋੜ ਦੀ ਲਾਗਤ ਨਾਲ 7.4 ਲੱਖ ਅਸਾਲਟ ਰਾਈਫਲਜ਼ ਦੀ ਖਰੀਦ ਨੂੰ ਵੀ ਹਰੀ ਝੰਡੀ ਦਿੱਤੀ ਹੈ। ਨਾਲ ਹੀ ਪ੍ਰੀਸ਼ਦ ਨੇ ਫੌਜ ਅਤੇ ਹਵਾਈ ਫੌਜ ਲਈ 982 ਕਰੋੜ ਵਿੱਚ 5719 ਸਨਾਈਪਰ ਰਾਈਫਲਜ਼ ਦੀ ਖਰੀਦ ਦੀ ਇਜਾਜ਼ਤ ਦਿੱਤੀ ਹੈ। ਸ਼ੁਰੂਆਤ ਵਿੱਚ ਇਨ੍ਹਾਂ ਦਾ ਅਸਲਾ ਵੀ ਖਰੀਦਿਆ ਜਾਵੇਗਾ, ਪਰ ਬਾਅਦ ਵਿੱਚ ਇਨ੍ਹਾਂ ਦਾ ਗੋਲਾ-ਬਾਰੂਦ ਦੇਸ਼ ਵਿੱਚ ਹੀ ਬਣਾਇਆ ਜਾਵੇਗਾ।

ਹਥਿਆਰਬੰਦ ਦਸਤਿਆਂ ਨੇ 11 ਸਾਲ ਪਹਿਲਾਂ ਨਵੀਂਆਂ ਬੰਦੂਕਾਂ ਦੀ ਲੋੜ ਨੂੰ ਲੈ ਕੇ ਆਪਣੀ ਮੰਗ ਰੱਖੀ ਸੀ। ਪਿਛਲੇ ਮਹੀਨੇ, ਸਰਕਾਰ ਦੀ ਖਰੀਦ ’ਤੇ ਸਰਵਉਚ ਫੈਸਲੇ ਲੈਣ ਵਾਲੀ ਸੰਸਥਾ, ਡਿਫੈਂਸ ਐਕਵਿਜੀਸ਼ਨ ਕੌਂਸਲ ਨੇ ਕੁਝ ਹਥਿਆਰ ਖਰੀਦਣ ਦਾ ਫੈਸਲਾ ਲਿਆ ਸੀ। ਪਿਛਲੇ ਇੱਕ ਮਹੀਨੇ ਵਿੱਚ ਸਰਹੱਦੀ ਇਲਾਕਿਆਂ ਵਿੱਚ ਤਾਇਨਾਤ ਜਵਾਨਾਂ ਨੂੰ ਪ੍ਰਭਾਵੀ ਹਥਿਆਰ ਮੁਹੱਈਆ ਕਰਵਾਊਣ ਲਈ ਰੱਖਿਆ ਖਰੀਦ ਪ੍ਰੀਸ਼ਦ ਨੇ ਤਿੰਨ ਨਿੱਜੀ ਹਥਿਆਰ ਭਾਵ ਰਾਈਫਲਜ਼, ਕਾਰਬਾਈਨਜ਼ ਅਤੇ ਲਾਈਟ ਮਸ਼ੀਨ ਗੰਨਜ਼ ਦੀ ਖਰੀਦ ਵਿੱਚ ਖਾਸੀ ਦਿਲਚਸਪੀ ਦਿਖਾਈ ਹੈ।

ਸਮੁੰਦਰੀ ਜਹਾਜਾਂ ਦੀਆਂ ਐਂਟੀ-ਸਬਮਰੀਨ ਵਾਰਫੇਅਰ ਸਮਰੱਥਾਵਾਂ ਵਧਾਉਣ ਲਈ ਰੱਖਿਆ ਖਰੀਦ ਪ੍ਰੀਸ਼ਦ ਨੇ ਐਡਵਾਂਸਡ ਟਾਰਪੀਡੋ ਡੇਕਾਏ ਸਿਸਟਮ ਦੀ ਖਰੀਦ ਦੇ ਖਰੜੇ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਨਾਲ ਹੀ ਡੀਆਰਡੀਓ ਦੇ ਮਾਰੀਚ ਸਿਸਟਮ ਦਾ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਜਾ ਚੁੱਕਾ ਹੈ। ਮਾਰੀਚ ਸਿਸਟਮ ਨੂੰ ਭਾਰਤ ਇਲੈਕਟ੍ਰਾਨਿਕਸ ਲਿਮਿਟੇਡ 850 ਕਰੋੜ ਦੀ ਲਾਗਤ ਨਾਲ ਸਮੁੰਦਰੀ ਫੌਜ ਲਈ ਤਿਆਰ ਕਰੇਗਾ।    

ਹੋਰ ਖਬਰਾਂ »

ਰਾਸ਼ਟਰੀ