ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਸ਼੍ਰੋਮਣੀ ਕਮੇਟੀ ਦੇ ਸਵਾਗਤੀ ਵਫ਼ਦ ਦਾ ਹਿੱਸਾ ਹੋਣਗੇ

ਅ੍ਰੰਮਿਤਸਰ, 14 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ ਅਤੇ ਫ਼ਿਰ ਟਰੂਡੋ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ। ਇਹ ਪ੍ਰਗਟਾਵਾ ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਨੇ ਕੀਤਾ।  ਸੂਤਰਾਂ ਨੇ ਦੱਸਿਆ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦਾ ਸਵਾਗਤ ਅੰਮ੍ਰਿਤਸਰ ਹਵਾਈ ਅੱਡੇ 'ਤੇ ਕੀਤਾ ਜਾਵੇਗਾ ਜਿਥੋਂ ਦੋਵੇਂ ਆਗੂ ਇਕੱਠੇ ਦਰਬਾਰ ਸਾਹਿਬ ਰਵਾਨਾ ਹੋਣਗੇ। ਉਧਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਜਸਟਿਨ ਟਰੂਡੋ ਦਾ ਨਿੱਘਾ ਸਵਾਗਤ ਕਰਨ ਲਈ ਪੱਬਾਂ ਭਾਰ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼੍ਰੋਮਣੀ ਕਮੇਟੀ ਦੇ ਵਫ਼ਦ ਦਾ ਹਿੱਸਾ ਹੋਣਗੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਉਨ•ਾਂ ਦੇ ਕੈਬਨਿਟ ਮੰਤਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਫ਼ਿਲਹਾਲ ਪੰਜਾਬ ਸਰਕਾਰ ਨਾਲ ਇਸ ਮੁੱਦੇ 'ਤੇ ਕੋਈ ਸੰਪਰਕ ਨਹੀਂ ਹੋਇਆ ਪਰ ਸ਼੍ਰੋਮਣੀ ਕਮੇਟੀ ਆਪਣੇ ਪੱਧਰ 'ਤੇ ਜਸਟਿਨ ਟਰੂਡੋ ਨੂੰ ਜੀ ਆਇਆਂ ਆਖਣ ਲਈ ਤਿਆਰ ਬਰ ਤਿਆਰ ਹੈ।
ਇਥੇ ਦਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਨਾਲ ਉਨ•ਾਂ ਦੇ ਕੈਬਨਿਟ ਮੰਤਰੀ ਵੀ ਦਰਬਾਰ ਸਾਹਿਬ ਮੱਥਾ ਟੇਕਣ ਆਉਣਗੇ ਜਿਨ•ਾਂ ਵਿਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ, ਇਨਫ਼ਰਾਸਟ੍ਰਕਚਰ ਮੰਤਰੀ ਅਮਰਜੀਤ ਸਿੰਘ ਸੋਹੀ ਅਤੇ ਸੈਰ ਸਪਾਟਾ ਮੰਤਰੀ ਬਰਦੀਸ਼ ਚੱਗੜ ਸ਼ਾਮਲ ਹਨ। ਪਿਛਲੇ ਸਮੇਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਕੈਨੇਡੀਅਨ ਆਗੂਆਂ ਪ੍ਰਤੀ ਰਵੱਈਏ ਵਿਚ ਕਾਫ਼ੀ ਤਬਦੀਲੀ ਵੇਖੀ ਗਈ ਹੈ ਜਿਨ•ਾਂ ਨੂੰ ਅਤੀਤ ਵਿਚ ਉਹ ਖ਼ਾਲਿਸਤਾਨ ਹਮਾਇਤੀ ਵੀ ਕਰਾਰ ਦੇ ਚੁੱਕੇ ਹਨ।

ਹੋਰ ਖਬਰਾਂ »