ਜ਼ਿੰਦਗੀ ਅਤੇ ਕੰਮ ਦਰਮਿਆਨ ਬਿਹਤਰ ਤਵਾਜ਼ਨ ਲਈ ਤਿੰਨ ਦਿਨ ਛੁੱਟੀ ਦੀ ਵਕਾਲਤ

ਟੋਰਾਂਟੋ, 18 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੰਮ ਦਾ ਬੋਝ ਐਨਾ ਵਧ ਗਿਆ ਹੈ ਕਿ ਹਰ ਇਨਸਾਨ ਵੱਧ ਤੋਂ ਵੱਧ ਸਮਾਂ ਆਰਾਮ ਕਰਨਾ ਚਾਹੁੰਦਾ ਹੈ ਅਤੇ ਇਸੇ ਸੋਚ ਦੀ ਹਮਾਇਤ ਕੈਨੇਡੀਅਨ ਲੋਕਾਂ ਨੇ ਵੀ ਕੀਤੀ ਹੈ। ਵੱਡੀ ਗਿਣਤੀ ਵਿਚ ਕੈਨੇਡੀਅਨ ਲੋਕਾਂ ਦਾ ਮੰਨਣਾ ਹੈ ਕਿ ਹਫ਼ਤੇ ਵਿਚ ਚਾਰ ਦਿਨ ਹੀ ਕੰਮ ਵਾਲੇ ਹੋਣੇ ਚਾਹੀਦੇ ਹਨ ਅਤੇ ਤਿੰਨ ਦਿਨ ਛੁੱਟੀ ਹੋਣੀ ਚਾਹੀਦੀ ਹੈ। ਜ਼ਿੰਦਗੀ ਦਾ ਫ਼ਲਸਫ਼ਾ ਵੀ ਇਹੋ ਕਹਿੰਦਾ ਹੈ ਕਿ ਇਨਸਾਨ ਜਿਊਂਦਾ ਰਹਿਣ ਲਈ ਕੰਮ ਕਰਦਾ ਹੈ ਨਾ ਕਿ ਕੰਮ ਕਰਨ ਲਈ ਜਿਊਂਦਾ ਹੈ। ਕੌਮਾਂਤਰੀ ਪੱਧਰ 'ਤੇ ਕੀਤੇ ਗਏ ਇਕ ਸਰਵੇਖਣ ਵਿਚ ਕੈਨੇਡੀਅਨ ਲੋਕਾਂ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ ਜੋ ਹਫ਼ਤੇ ਵਿਚ ਕੰਮ ਵਾਲੇ ਦਿਨਾਂ ਅਤੇ ਛੁੱਟੀਆਂ ਦੀ ਗਿਣਤੀ ਨਾਲ ਸਬੰਧਤ ਸੀ। ਪਰ ਦੂਜੇ ਪਾਸੇ ਇਹ ਵੀ ਸਵਾਲ ਉਠਣ ਲੱਗੇ ਹਨ ਕਿ ਕੀ ਤਿੰਨ ਦਿਨ ਦਾ ਵੀਕਐਂਡ ਸਮਾਜ ਲਈ ਲਾਹੇਵੰਦ ਸਾਬਤ ਹੋਵੇਗਾ। ਮਨੋਵਿਗਿਆਨੀ ਕੇ. ਐਂਡਰਜ਼ ਐਰਿਕਸਨ ਨੇ '10 ਹਜ਼ਾਰ ਘੰਟੇ' ਵਾਲੇ ਨਿਯਮ ਤਹਿਤ ਇਸ ਵਿਚਾਰ ਦੀ ਡੂੰਘਾਈ ਵਿਚ ਜਾਂਦਿਆਂ ਕਿਹਾ ਕਿ ਇਕ ਕਿਰਤੀ ਨੂੰ ਕਿਸੇ ਕੰਮ ਦਾ ਮਾਹਰ ਬਣਨ ਲਈ ਘੱਟੋ-ਘੱਟ 10 ਹਜ਼ਾਰ ਘੰਟੇ ਕੰਮ ਕਰਨਾ ਪੈਂਦਾ ਹੈ। ਸਮੇਂ ਦੇ ਨਾਲ ਹਰ ਇਨਸਾਨ ਦੇ ਕੰਮ ਕਰਨ ਦੀ ਸਮਰੱਥਾ ਘਟਦੀ ਜਾਂਦੀ ਹੈ ਅਤੇ ਜਦੋਂ ਕਾਮਿਆਂ ਨੂੰ ਸਮਰੱਥਾ ਤੋਂ ਜ਼ਿਆਦਾ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਖ਼ਰਾਬ ਆਦਤਾਂ ਦੇ ਰੂਪ ਵਿਚ ਮਾੜੇ ਨਤੀਜੇ ਸਾਹਮਣੇ ਆਉਣ ਲਗਦੇ ਹਨ।
ਦੂਜੇ ਪਾਸੇ ਇਸ ਗੱਲ ਦੇ ਪੁਖ਼ਤਾ ਸਬੂਤ ਮਿਲੇ ਹਨ ਕਿ ਘੱਟ ਸਮਾਂ ਕੰਮ ਕਰਨ ਵਾਲੇ ਲੋਕ ਜ਼ਿਆਦਾ ਖ਼ੁਸ਼ ਅਤੇ ਸਿਹਤਮੰਤ ਰਹਿੰਦੇ ਹਨ। ਅਜਿਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਧੇਰੇ ਸੰਤੁਲਤ ਲਗਦੀ ਹੈ ਕਿਉਂਕਿ ਉਹ ਆਪਣੀਆਂ ਪਸੰਦੀਦਾ ਚੀਜ਼ਾਂ ਵੱਲ ਜ਼ਿਆਦਾ ਧਿਆਨ ਕੇਂਦਰਤ ਕਰ ਸਕਦੇ ਹਨ। ਇਸ ਤਰੀਕੇ ਨਾਲ ਮਾਨਸਿਕ ਤਣਾਅ ਨਾਟਕੀ ਤਰੀਕੇ ਨਾਲ ਖ਼ਤਮ ਹੋ ਜਾਂਦਾ ਹੈ। ਸਰਵੇਖਣ ਮੁਤਾਬਕ ਹਫ਼ਤੇ ਵਿਚ ਘੱਟ ਦਿਨ ਕੰਮ ਕਰਨ ਨਾਲ ਕਿਰਤੀ ਦਾ ਮਨ ਕਾਫ਼ੀ ਖ਼ੁਸ਼ ਰਹਿੰਦਾ ਹੈ ਅਤੇ ਇਸ ਨਾਲ ਉਤਪਾਦਕਤਾ ਵਿਚ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੁਨੀਆਂ ਦੀਆਂ ਵੱਡੀਆਂ ਕੰਪਨੀਆਂ ਐਮੇਜ਼ੌਨ ਅਤੇ ਯੂਨੀਕਲੋ ਨੇ ਹਫ਼ਤੇ ਵਿਚ ਚਾਰ ਦਿਨ ਕੰਮ ਲੈਣ ਦਾ ਤਜਰਬਾ ਕੀਤਾ ਤਾਂ ਨਤੀਜੇ ਹੈਰਾਨ ਕਰਨ ਵਾਲੇ ਸਨ। ਜਿਥੇ ਕਿਰਤੀ ਜ਼ਾਹਰਾ ਤੌਰ 'ਤੇ ਖ਼ੁਸ਼ ਨਜ਼ਰ ਆਏ ਅਤੇ ਉਤਪਾਦਕਤਾ ਵਿਚ ਵੀ ਵਾਧਾ ਹੋਇਆ।

ਹੋਰ ਖਬਰਾਂ »