ਕੈਨੇਡੀਅਨ ਰੱਖਿਆ ਮੰਤਰੀ ਨੇ ਦੋਹਾਂ ਨੇਤਾਵਾਂ ਵਿਚਾਲੇ ਮੀਟਿੰਗ ਕਰਾਉਣ ਲਈ ਹਾਈ ਕਮਿਸ਼ਨਰ ਨੂੰ ਕਿਹਾ

ਨਵੀਂ ਦਿੱਲੀ, 18 ਫਰਵਰੀ (ਹਮਦਰਦ ਨਿਊਜ਼ ਸਰਵਿਸ) :  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੀ ਸੰਭਾਵਨਾ ਬਣ ਗਈ ਹੈ। ਹਮਦਰਦ ਨੂੰ ਭਰੋਸੇਯੋਗ ਸੂਤਰਾਂ ਨੇ ਖ਼ਬਰ ਦਿੱਤੀ ਹੈ ਕਿ ਇਸ ਮੁਲਾਕਾਤ ਦੀ ਵਕਾਲਤ ਉਸ ਸਖ਼ਤ ਨੇ ਕੀਤੀ ਹੈ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ ਖ਼ਾਲਿਸਤਾਨੀਆਂ ਦਾ ਹਮਾਇਤੀ ਦੱਸ ਕੇ ਉਸ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਸੀ। 
ਜੀ ਤੁਸੀਂ ਸਮਝ ਹੀ ਗਏ ਹੋਵੇਗੇ ਕਿ ਅਸੀਂ ਕਿਸ ਸਖ਼ਸ ਦੀ ਗੱਲ ਕਰ ਰਹੇ ਹਾਂ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੌਰੇ 'ਤੇ ਆਏ ਹੋਏ ਹਨ। ਹਮਦਰਦ ਨੂੰ ਖ਼ਬਰ ਮਿਲੀ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਮੀਟਿੰਗ ਹੋਣੀ ਚਾਹੀਦੀ ਹੈ। ਹਰਜੀਤ ਸਿੰਘ ਸੱਜਣ ਨੇ ਦੋਹਾਂ ਨੇਤਾਵਾਂ ਵਿਚਕਾਰ ਮੀਟਿੰਗ ਕਰਾਉਣ ਦਾ ਸੁਝਾਅ, ਕੈਨੇਡਾ ਦੇ ਭਾਰਤ ਵਿਚਲੇ ਹਾਈ ਕਮਿਸ਼ਨਰ ਨੂੰ ਦਿੱਤਾ ਹੈ। ਕੈਨੇਡੀਅਨ ਰੱਖਿਆ ਮੰਤਰੀ ਦੀ ਇਸ ਸੋਚ ਨੂੰ ਸਲਾਮ ਕਰਨਾ ਬਣਦਾ ਜਿਨ•ਾਂ ਨੇ ਕੈਪਟਨ ਦੇ ਕੁੜੱਤਣ ਭਰੇ ਰਵੱਈਏ ਨੂੰ ਭੁਲਾ ਕੇ ਕੈਨੇਡਾ ਦੇ ਪੰਜਾਬ ਨਾਲ ਚੰਗੇ ਰਿਸ਼ਤਿਆਂ ਦੀ ਵਕਾਲਤ ਕੀਤੀ ਹੈ। 'ਹਮਦਰਦ' ਨੂੰ ਟਰੂਡੋ ਦੇ ਵਫ਼ਦ ਨਾਲ ਭਾਰਤ ਆਏ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਹਰਜੀਤ ਸਿੰਘ ਸੱਜਣ ਪੰਜਾਬ ਦੇ ਕੈਨੇਡਾ ਨਾਲ ਚੰਗੇ ਸਬੰਧ ਚਾਹੁੰਦੇ ਹਨ, ਕਿਉਂਕਿ ਕੈਨੇਡਾ ਦੀ ਧਰਤੀ 'ਤੇ ਵੱਡੀ ਗਿਣਤੀ 'ਚ ਪੰਜਾਬੀ ਵੱਸੇ ਹੋਏ ਹਨ। ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹਨ ਤੇ ਸੱਜਣ ਚਾਹੁੰਦੇ ਹਨ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤਾਂ ਜੋ ਰਿਸ਼ਤੇ ਹੋਰ ਸੁਖਾਵੇਂ ਹੋ ਸਕਣ। ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਇਸ ਸੋਚ ਦੀ ਕੈਨੇਡਾ ਦੇ ਪੰਜਾਬੀ ਭਾਈਚਾਰੇ 'ਚ ਵੀ ਸ਼ਲਾਘਾ ਹੋ ਰਹੀ ਹੈ। ਪੰਜਾਬੀ ਭਾਈਚਾਰੇ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਸੱਜਣ ਇਕ ਸੂਝਵਾਨ ਤੇ ਦੂਰਦ੍ਰਿਸ਼ਟੀ ਵਾਲੇ ਇਨਸਾਨ ਹਨ, ਤੇ ਲੱਖ ਗਿਲੇ-ਸ਼ਿਕਵਿਆਂ ਦੇ ਬਾਵਜੂਦ ਟਰੂਡੋ ਤੇ ਕੈਪਟਨ ਦੀ ਮੁਲਾਕਾਤ ਦੀ ਵਕਾਲਤ ਕਰ ਕੇ ਉਨ•ਾਂ ਨੇ ਇਸ ਗੱਲ ਦਾ ਸਬੂਤ ਦਿੱਤਾ ਹੈ ਕਿ ਪੰਜਾਬ ਤੇ ਪੰਜਾਬੀਆਂ ਦੇ ਹਿੱਤ ਉਨ•ਾਂ ਲਈ ਪਹਿਲਾਂ ਹਨ।  ਹਾਲਾਂਕਿ ਸਰਕਾਰੀ ਤੌਰ 'ਤੇ ਇਸ ਖ਼ਬਰ ਦੀ ਫਿਲਾਹਾਲ ਪੁਸ਼ਟੀ ਨਹੀਂ ਕੀਤੀ ਗਈ। ਪਰ ਹਮਦਰਦ ਦੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਹੈ ਕਿ ਕੈਪਟਨ ਤੇ ਟਰੂਡੋ ਦੀ ਮੁਲਾਕਾਤ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਫਿਲਹਾਲ ਬੈਠਕ ਦਾ ਸਮਾਂ ਤੇ ਤਰੀਕ ਹਾਲੇ ਤੈਅ ਨਹੀਂ ਹੋਈ। 
ਦੱਸ ਦੇਈਏ ਕਿ ਬੀਤੇ ਦਿਨੀਂ ਮੀਡੀਆ 'ਚ ਖ਼ਬਰ ਆਈ ਸੀ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਕੈਬਨਿਟ ਮੰਤਰੀਆਂ ਦੀ ਤੌਹੀਨ ਦਾ ਬਦਲ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਟਰੂਡੋ ਦੇ ਦਫ਼ਤਰ ਦੇ ਉੱਚ ਅਧਿਕਾਰੀ ਨੇ ਦੱਸਿਆ ਸੀ ਕਿ ਦੋਵਾਂ ਆਗੂਆਂ ਵਿਚਕਾਰ ਕੋਈ ਮੀਟਿੰਗ ਏਜੰਡੇ 'ਤੇ ਨਹੀਂ ਹੈ। ਹਾਲਾਂਕਿ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਟਰੂਡੋ ਦੀ ਮੀਟਿੰਗ ਨਾ ਰੱਖਣ ਦਾ ਕੋਈ ਕਾਰਨ ਨਹੀਂ ਦੱਸਿਆ ਸੀ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਕੈਨੇਡੀਅਨ ਸਿੱਖ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਖਾਲਿਸਤਾਨੀਆਂ ਦੇ ਹਮਾਇਤੀ ਦੱਸ ਕੇ ਲਗਾਤਾਰ ਦੂਰੀ ਬਣਾਈ ਜਾ ਰਹੀ ਸੀ ਭਾਵੇਂ ਕਿ ਉਹ ਸਾਰੇ ਕੈਨੇਡੀਅਨ ਸਿੱਖ ਆਗੂ ਅਜਿਹੇ ਦੋਸ਼ਾਂ ਤੋਂ ਕਈ ਵਾਰੀ ਇਨਕਾਰ ਕਰ ਚੁੱਕੇ ਹਨ। ਪਿਛਲੇ ਸਾਲ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜਦ ਪੰਜਾਬ ਆਏ ਸਨ ਤਾਂ ਕੈਪਟਨ ਨੇ ਉਨ•ਾਂ ਨਾਲ ਮੁਲਾਕਾਤ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਸੱਜਣ ਖਾਲਿਸਤਾਨ ਦੇ ਸਮਰਥਕ ਹਨ ਜਿਸ ਮਗਰੋਂ ਕੈਪਟਨ ਸਰਕਾਰ ਅਤੇ ਕੈਨੇਡਾ ਸਰਕਾਰ ਦੌਰਾਨ ਤਣਾਅ ਵਾਲਾ ਮਾਹੌਲ ਬਣ ਗਿਆ ਸੀ। ਹੁਣ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਟਰੂਡੋ ਤੇ ਕੈਪਟਨ ਦੀ ਮੁਲਾਕਾਤ ਕਰਵਾਉਣ ਲਈ ਵਕਾਲਤ ਦੀ ਖ਼ਬਰ ਨਾਲ ਆਸ ਬੱਝ ਗਈ ਹੈ ਕਿ ਦੋਵਾਂ ਨੇਤਾਵਾਂ ਵਿਚਾਲੇ ਮੁਲਾਕਾਤ ਹੋ ਸਕਦੀ ਹੈ। 

ਹੋਰ ਖਬਰਾਂ »