ਅਮਰੀਕਾ, ਆਸਟਰੇਲੀਆ ਤੇ ਜਾਪਾਨ ਨਾਲ ਮਿਲ ਕੇ ਬਣਾਈ ਵੱਡੀ ਯੋਜਨਾ

ਸਿਡਨੀ, 19 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਚੀਨ ਦੇ ‘ਬੈਲਟ ਐਂਡ ਰੋਡ’ ਪ੍ਰੋਜੈਕਟ ਨੂੰ ਟੱਕਰ ਦੇਣ ਲਈ ਅਮਰੀਕਾ, ਆਸਟਰੇਲੀਆ, ਜਾਪਾਨ ਅਤੇ ਭਾਰਤ ਨੇ ਮਿਲ ਕੇ ਇੱਕ ਸਾਂਝੀ ਯੋਜਨਾ ਬਣਾਈ ਹੈ। ਇਹ ਚਾਰੇ ਮੁਲਕ ਮਿਲ ਕੇ ਸਾਂਝੀ ਖੇਤਰੀ ਬੁਨਿਆਦੀ ਢਾਂਚਾ ਯੋਜਨਾ ਦੀ ਤਿਆਰੀ ਕਰ ਰਹੇ ਹਨ।

ਆਸਟਰੇਲੀਅਨ ਫਾਈਨੈਂਸ਼ਲ ਰਿਵਿਊ ਦੇ ਮੁਤਾਬਕ ਭਾਰਤ ਨੇ ਇਹ ਤਿਆਰੀ ਪੇਈਚਿੰਗ ਦੇ ਵਧਦੇ ਦਬਦਬੇ ਨੂੰ ਘੱਟ ਕਰਨ ਲਈ ਕੀਤੀ ਹੈ। ਹਾਲਾਂਕਿ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਯੋਜਨਾ ਹੁਣ ਨਵੀਂ ਹੈ ਅਤੇ ਇੰਨੀ ਮਜ਼ਬੂਤ ਨਹੀਂ ਹੈ ਕਿ ਇਸ ਨੂੰ ਆਸਟਰੇਲੀਅਨ ਪ੍ਰਧਾਨ ਮੰਤਰੀ ਮੈਕਲਮ ਟਰਨਬੁਲ ਦੇ ਇਸ ਹਫ਼ਤੇ ਦੀ ਅਮਰੀਕੀ ਯਾਤਰਾ ਦੌਰਾਨ ਐਲਾਨਿਆ ਜਾ ਸਕੇ। ਹਾਲਾਂਕਿ ਇਸ ਅਧਿਕਾਰੀ ਨੇ ਮੰਨਿਆ ਕਿ ਮੈਕਲਮ ਟਰਨਬੁਲ ਇਸ ਪ੍ਰੋਜੈਕਟ ਨੂੰ ਲੈ ਕੇ ਆਪਣੀ ਅਮਰੀਕੀ ਯਾਤਰਾ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਚਰਚਾ ਕਰਨ ਵਾਲੇ ਸਨ। ਇਸ ਅਧਿਕਾਰੀ ਨੇ ਕਿਹਾ ਕਿ ਇਹ ਯੋਜਨਾ ਚੀਨ ਦੇ ‘ਵਨ ਬੈਲਟ ਵਨ ਰੋਡ’ ਪ੍ਰੋਜੈਕਟ ਨੂੰ ਟੱਕਰ ਦੇਣ ਲਈ ਨਹੀਂ ਹੈ, ਸਗੋਂ ਉਸ ਦੇ ਲਈ ਇੱਕ ਬਦਲ ਹੈ।  ਉੱਥੇ ਜਾਪਾਨ ਦੇ ਚੀਫ਼ ਕੈਬਨਿਟ ਸੈਕਟਰੀ ਯੋਸ਼ਿੰਦੇ ਸੁਗਾ ਨੇ ਚਾਰੇ ਮੁਲਕਾਂ ਦੇ ਸਹਿਯੋਗ ਵਾਲੀ ਇਸ ਯੋਜਨਾ ਦੇ ਸਬੰਧ ਵਿੱਚ ਪੁੱਛੇ ਜਾਣ ’ਤੇ ਕਿਹਾ ਕਿ ਜਾਪਾਨ, ਭਾਰਤ, ਅਮਰੀਕਾ ਅਤੇ ਆਸਟਰੇਲੀਆ ਨੇ ਹਮੇਸ਼ਾ ਹੀ ਉਨ੍ਹਾਂ ਮੁੱਦਿਆਂ ’ਤੇ ਚਰਚਾ ਕੀਤੀ ਹੈ, ਜੋ ਉਨ੍ਹਾਂ ਦੇ ਹਿੱਤ ਵਿੱਚ ਹਨ।

ਜਾਪਾਨ ਚੀਨ ਦੇ ‘ਵਨ ਬੈਲਟ ਵਨ ਰੋਡ’ ਪ੍ਰੋਜੈਕਟ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਆਪਣੀ ਫਰੀ ਐਂਡ ਓਪਨ ਇੰਡੋ ਪੈਸਿਫਿਕ ਯੋਜਨਾ ਨੂੰ ਪ੍ਰਮੋਟ ਕਰਨ ਲਈ ਆਪਣੀ ਅਧਿਕਾਰਕ ਵਿਕਾਸ ਸਹਾਇਤਾ ਦੀ ਵਰਤੋਂ ਕਰ ਸਕਦਾ ਹੈ। ਜਾਪਾਨ ਦੇ ਇਸ ਕਦਮ ਰਾਹੀਂ ਚੀਨ ਦੀ ‘ਵਨ ਬੈਲਟ ਵਨ ਰੋਡ’ ਯੋਜਨਾ ਨੂੰ ਵੱਡੀ ਟੱਕਰ ਮਿਲ ਸਕਦੀ ਹੈ। ਦੱਸ ਦੇਈਏ ਕਿ ਚੀਨ ਦਾ ਬੈਲਟ ਐਂਡ ਰੋਡ ਪ੍ਰੋਜੈਕਟ ਏਸ਼ੀਆ, ਅਫਰੀਕਾ, ਮੱਧ ਪੂਰਵ ਅਤੇ ਯੂਰਪ ਨਾਲ ਸਬੰਧ ਜੋੜਨ ਦੀ ਤਿਆਰੀ ਹੈ। ਇਸ ਦੇ ਰਾਹੀਂ ਉਹ ਭਾਰਤ ਨੂੰ ਵੀ ਘੇਰਨ ਦੀ ਫਿਰਾਕ ਵਿੱਚ ਹੈ। ‘ਵਨ ਬੈਲਟ ਵਨ ਰੋਡ’ ਪ੍ਰੋਜੈਕਟ ਰਾਹੀਂ 60 ਤੋਂ ਵੀ ਵੱਧ ਦੇਸ਼ਾਂ ਨਾਲ ਚੀਨ ਦੇ ਵਪਾਰਕ ਸਬੰਧ ਬਣਨਗੇ। ਇਸ ਪ੍ਰੋਜੈਕਟ ਰਾਹੀਂ ਚੀਨ ਏਸ਼ੀਆਈ ਦੇਸ਼ਾਂ ਨਾਲ ਆਪਣਾ ਸੰਪਰਕ ਵਧਾਉਣਾ ਅਤੇ ਮਜ਼ਬੂਤ ਕਰਨਾ ਚਾਹੁੰਦਾ ਹੈ।

ਹੋਰ ਖਬਰਾਂ »