ਰਾਜਧਾਨੀ ਵਾਸ਼ਿੰਗਟਨ ਵਿੱਚ ਕੌਮੀ ਮਾਰਚ ਕੱਢਣ ਦਾ ਐਲਾਨ

ਫਲੋਰਿਡਾ, 19 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਫ਼ਲੋਰਿਡਾ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਦੋਂ ਬਾਅਦ ਅਮਰੀਕਾ ਵਿੱਚ ਗੰਨ ਕੰਟਰੋਲ ਕਾਨੂੰਨ ਨੂੰ ਲੈ ਕੇ ਬਹਿਸ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਘਟਨਾ ਵਿੱਚ ਬਚੇ ਵਿਦਿਆਰਥੀ ਇਸ ਬਹਿਸ ਨੂੰ ਫੈਸਲਾਕੁੰਨ ਮੋੜ ਤੱਕ ਲੈ ਜਾਣਾ ਚਾਹੁੰਦੇ ਹਨ। ਵਿਦਿਆਰਥੀਆਂ ਨੇ ਗੰਨ ਕੰਟਰੋਲ ’ਤੇ ਸਿਆਸੀ ਕਾਰਵਾਈ ਲਈ ਰਾਜਧਾਨੀ ਵਾਸ਼ਿੰਗਟਨ ਵਿੱਚ ਕੌਮੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਫ਼ਲੋਰਿਡਾ ਦੇ ਇੱਕ ਸਕੂਲ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ 17 ਵਿਦਿਆਰਥੀਆਂ ਦੀ ਜਾਨ ਗਈ ਸੀ। ਸਕੂਲ ਦੇ ਹੀ ਇੱਕ ਸਾਬਕਾ ਵਿਦਿਆਰਥੀ ਨਿਕੋਲਸ ਕਰੂਜ਼ ਨੂੰ ਇਸ ਹਮਲੇ ਦੇ ਦੋਸ਼ੀ ਦੇ ਰੂਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਵਿਦਿਆਰਥੀਆਂ ਦੀ ਯੋਜਨਾ 24 ਮਾਰਚ ਨੂੰ ਰਾਜਧਾਨੀ ਵਾਸ਼ਿੰਗਟਨ ਵਿੱਚ ਮਾਰਚ ਕੱਢਣ ਦੀ ਹੈ। ਉੱਥੇ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਲੇ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀ ਵਿੱਚ ਕਿਹਾ ਹੈ ਕਿ ਗੰਨ ਕੰਟਰੋਲ ਨਾ ਪਾਸ ਕਰਨ ਲਈ ਡੈਮੋਕਰੇਟਸ ਜਿੰਮੇਦਾਰ ਹਨ।

ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਅਮਰੀਕੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਬੁੱਧਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਨੂੰ ਬੰਦੂਕ ਲਈ ਹੋਣ ਵਾਲੀ ਕੌਮੀ ਬਹਿਸ ਵਿੱਚ ਤਬਦੀਲੀ ਕਰਨ ਲਈ ਦ੍ਰਿੜ ਸੰਕਲਪ ਹਨ। ਗੋਲੀਬਾਰੀ ਵਿੱਚ ਬਚੇ ਇੱਕ ਵਿਦਿਆਰਥੀ ਡੇਵਿਡ ਹੌਗ ਨੇ ਇੱਕ ਟੀਵੀ ਇੰਟਰਵਿਊ ਵਿੱਚ ਰਾਸ਼ਟਰਪਤੀ ’ਤੇ ਨਿਸ਼ਾਨਾ ਸਾਧਿਆ। ਉਸ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਬੰਦੂਕਾਂ ’ਤੇ ਕੰਟਰੋਲ ਲਈ ਇੱਕ ਬਿਲ ਲਿਆਉਣਾ ਚਾਹੀਦਾ ਹੈ।  

ਹੋਰ ਖਬਰਾਂ »