ਮੁੰਬਈ, 28 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਬਾਲੀਵੁੱਡ ਦੀ ਚਾਂਦਨੀ ਸ੍ਰੀਦੇਵੀ ਦਾ ਬੁੱਧਵਾਰ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਸਸਕਾਰ ਵੇਲੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਉਨ੍ਹਾਂ ਨਮ ਅੱਖਾਂ ਨਾਲ ਸ੍ਰੀਦੇਵੀ ਨੂੰ ਅੰਤਿਮ ਵਿਦਾਈ ਦਿੱਤੀ। ਤਾਮਿਲਨਾਡੂ ਤੋਂ ਆਏ ਪੰਡਤਾਂ ਨੇ ਵਿਲੇ ਪਾਰਲੇ ਸੇਵਾ ਸਮਾਜ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਕਰਵਾਈਆਂ।
ਸ੍ਰੀਦੇਵੀ ਦੇ ਪਤੀ ਬੋਨੀ ਕਪੂਰ ਨੇ ਸ੍ਰੀਦੇਵੀ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਮੌਕੇ ਸ੍ਰੀਦੇਵੀ ਦੀਆਂ ਦੋਵੇਂ ਧੀਆਂ ਜਹਾਨਵੀ ਅਤੇ ਖੁਸ਼ੀ ਸਣੇ ਪੂਰਾ ਕਪੂਰ ਪਰਿਵਾਰ ਅਤੇ ਬਾਲੀਵੁੱਡ ਦੀਆਂ ਕਈ ਪ੍ਰਸਿੱਧ ਹਸਤੀਆਂ ਮੌਜੂਦ ਸਨ। ਪ੍ਰਦਮਸ੍ਰੀ ਨਾਲ ਸਨਮਾਨਿਤ ਸ੍ਰੀਦੇਵੀ ਨੂੰ ਸਰਕਾਰੀ ਸਨਮਾਨਾਂ ਨਾਲ ਵਿਦਾਈ ਦਿੱਤੀ ਗਈ। ਸ਼ਮਸ਼ਾਨਘਾਟ ਦੇ ਬਾਹਰ ਮੌਜੂਦ ਭਾਰੀ ਭੀੜ ਨੂੰ ਕੰਟਰੋਲ ਕਰਨ 'ਚ ਪੁਲਿਸ ਨੂੰ ਖਾਸੀ ਮੁਸ਼ਕੱਤ ਕਰਨੀ ਪਈ। ਬਹੁਤ ਸਾਰੇ ਲੋਕਾਂ ਨੂੰ ਪੁਲਿਸ ਨੇ ਸ਼ਮਾਸ਼ਨਘਾਟ ਦੇ ਅੰਦਰ ਨਹੀਂ ਜਾਣ ਦਿੱਤਾ। ਆਪਣੇ ਸਾਥੀ ਕਲਾਕਾਰਾਂ ਨੂੰ ਅੰਤਿਮ ਵਿਦਾਈ ਦੇਣ ਮਸ਼ਹੂਰ ਬਾਲੀਵੁੱਡ ਕਲਾਕਾਰਾਂ ਦੇ ਨਾਲ ਹੀ ਰਾਜਨੀਤਕ ਅਤੇ ਉਦਯੋਗ ਜਗਤ ਦੀਆਂ ਮਹੱਤਵਪੂਰਨ ਹਸਤੀਆਂ ਉਥੇ ਮੌਜੂਦ ਸਨ।
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ, ਜੈ ਬੱਚਨ, ਐਸ਼ਵਰਿਆ ਰਾਏ,  ਸ਼ਾਹਰੁਖ ਖਾਨ, ਅਨਿਲ ਅੰਬਾਨੀ, ਸ਼ਬਾਨਾ ਆਜ਼ਮੀ, ਜਾਵੇਦ ਅਖ਼ਤਰ, ਸੁਸ਼ਮਿਤਾ ਸੇਨ, ਕਮਲ ਹਸਨ, ਰਿਸ਼ੀ ਕਪੂਰ, ਮਾਧੂਰੀ ਦਿਕਸ਼ਿਤ, ਸੋਨਮ ਕਪੂਰ, ਤੱਬੂ, ਕਾਲੋਜ, ਸੁਨੀਲ ਸ਼ੇਟੀ, ਲਾਰਾ ਦੱਤਾ, ਫਰਦੀਨ ਖ਼ਾਨ, ਡੈਨੀ, ਦੀਆ ਮਿਰਜਾ, ਸ਼ਕਤੀ ਕਪੂਰ, ਅਜੇਦੇਵਗਨ, ਮੀਕਾ ਸਿੰਘ ਸਣੇ ਹੋਰ ਕਈ ਪ੍ਰਸਿੱਧ ਹਸਤੀਆਂ ਨੇ ਸ੍ਰੀਦੇਵੀ ਨੂੰ ਅੰਤਿਮ ਵਿਦਾਈ ਦਿੱਤੀ।
ਇਸ ਤੋਂ ਪਹਿਲਾਂ ਇਥੇ ਸੈਲੇਬ੍ਰੇਸ਼ਨ ਸਪੋਰਟ ਕਲੱਬ ਤੋਂ ਸ੍ਰੀਦੇਵੀ ਦੀ ਅੰਤਿਮ ਯਾਤਰਾ ਸ਼ੁਰੂ ਹੋਈ। ਦੁਲਹਨ ਦੀ ਤਰ੍ਹਾਂ ਸਜਾਈ ਗਈ ਸ੍ਰੀਦੇਵੀ ਨੂੰ ਲੋਕਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ।  

ਹੋਰ ਖਬਰਾਂ »