ਅੰਮ੍ਰਿਤਸਰ, 6 ਮਾਰਚ (ਹ.ਬ.) : ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਕਾਰ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ (ਯੂਕੇ) ਨੇ ਸ਼ੁਰੂ ਕਰ ਦਿੱਤੀ। ਕਾਰ ਸੇਵਾ ਦੀ ਅਰੰਭਤਾ ਤੋਂ ਪਹਿਲਾਂ ਅਰਦਾਸ ਕੀਤੀ ਗਈ। ਉਪਰੰਤ ਗੁਰੂ ਨਾਨਕ ਨਿਸ਼ਕਾਮ ਸੇਵਕਾ ਜੱਥਾ ਯੂਕੇ ਦੀ ਦੇਖਰੇਖ ਹੇਠ ਇੰਗਲੈਂਡ ਤੋਂ ਪੁੱਜੇ ਜੱਥੇ ਦੇ 25 ਮੈਂਬਰਾਂ ਨੇ ਸੋਨੇ ਦੀ ਚਮਕ ਨੂੰ ਬਰਕਰਾਰ ਰੱਖਣ ਹਿੱਤ ਸੋਨੇ ਦੀ ਧੁਆਈ ਦੀ ਕਾਰ ਸੇਵਾ ਆਰੰਭ ਕੀਤੀ। ਇਸ ਮੌਕੇ ਜੱਥੇ ਦੇ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ ਜਿਸ ਦੇ 150 ਸਾਲ ਬਾਅਦ ਬੀਤਣ 'ਤੇ ਸ਼੍ਰੋਮਣੀ ਕਮੇਟੀ ਨੇ ਨਿਸ਼ਕਾਮ ਜੱਥੇ ਨੂੰ Îਇਹ ਸੇਵਾ ਸੌਂਪੀ ਸੀ। ਉਸ ਵੇਲੇ ਜਥੇ ਦੇ ਮੁਖੀ ਬਾਬਾ ਨੌਰੰਗ ਸਿੰਘ ਨੇ ਸੋਨੇ ਦੀ ਸੇਵਾ ਨੂੰ ਮੁੜ ਤਬਦੀਲ ਕਰਨ ਦੀ ਸੇਵਾ ਆਰੰਭੀ ਸੀ। ਇਹ ਸੇਵਾ ਸ਼ੁਰੂ ਕਰਨ ਤੋਂ ਛੇ ਮਹੀਨੇ ਬਾਅਦ ਬਾਬਾ ਨੌਰੰਗ ਸਿੰਘ ਦਾ ਦੇਹਾਂਤ ਹੋ ਗਿਆ ਸੀ। ਸੇਵਾ ਨੂੰ ਜਾਰੀ ਰਖਦਿਆਂ ਭਾਈ ਮਹਿੰਦਰ ਸਿੰਘ ਚੇਅਰਮੈਨ ਨਿਸ਼ਕਾਮ ਸੇਵਾ ਨੇ ਸੇਵਾ ਨੂੰ ਅੱਗੇ ਤੋਰਦਿਆਂ 1995  ਵਿਚ ਸੇਵਾ ਨੂੰ 4 ਸਾਲ ਇੱਕ ਮਹੀਨੇ ਦਾ ਸਮਾਂ ਲਗਾ ਕੇ 1999 ਵਿਚ ਸੋਨਾ ਤਬਦੀਲ ਕਰਨ ਦੀ ਸੇਵਾ ਨੂੰ ਮੁਕੰਮਲ ਕੀਤਾ ਸੀ।  ਸੋਨੇ ਦੀ ਚਮਕ ਨੂੰ ਫਿੱਕਾ ਪੈਂਦਾ ਦੇਖਦੇ ਹੋਏ ਭਾਈ ਮਹਿੰਦਰ ਸਿੰਘ ਵਲੋਂ ਸੋਨੇ ਦੀ ਧੁਆਈ ਲਈ ਐਸਜੀਪੀਸੀ ਨੂੰ ਸੁਝਾਅ ਦਿੱਤਾ ਜਿਸ ਦੌਰਾਨ ਐਸਜੀਪੀਸੀ ਨੇ ਇਹ ਸੇਵਾ ਨਿਸ਼ਕਾਮ ਜੱਥੇ ਨੂੰ ਸੌਂਪੀ ਸੀ। 11 ਅਗਸਤ 2016 ਅਤੇ 15 ਮਾਰਚ 2016 ਨੂੰ ਇਹ ਸੇਵਾ ਕੀਤੀ ਗਈ ਸੀ ਜਿਸ ਨਾਲ ਸੋਨੇ ਦੀ ਚਮਕ ਮੁੜ ਬਹਾਲ ਹੋਣੀ ਸ਼ੁਰੂ ਹੋਈ।

ਹੋਰ ਖਬਰਾਂ »