ਬਰਨਾਲਾ, 6 ਮਾਰਚ (ਹ.ਬ.) : ਹਥਿਆਰਾਂ ਨਾਲ ਲੈਸ ਹੋ ਕੇ ਕਾਰ ਤੋਂ ਉਤਰੇ ਨੌਜਵਾਨਾਂ ਨੇ ਪੱਤੀ ਰੋਡ ਬਰਨਾਲਾ ਨਿਵਾਸੀ ਰਮਨਦੀਪ ਸਿੰਘ ਉਰਫ ਸ਼ੰਮੀ ਪੁੱਤਰ ਰਜਿੰਦਰ ਸਿੰਘ ਰਾਜਪੂਤ ਨੂੰ ਤੇਜ਼ਧਾਰ ਹÎਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਘਟਨਾ ਐਤਵਾਰ ਸ਼ਾਮ ਸਿਟੀ ਥਾਣੇ ਦੇ ਕੋਲ ਵਾਪਰੀ। ਥਾਣਾ ਇੰਚਾਰਜ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਨਿੱਕਾ ਡੋਲੀ, ਸ਼ੀਰਾ ਅਤੇ ਕੀਰਤ ਦੇ ਨਾਂ ਨਾਲ ਹੋਈ ਹੈ। ਹਮਲਾਵਰਾਂ ਦਾ ਰਿਵਾਲਰ ਵੀ ਕਬਜ਼ੇ ਵਿਚ ਲੈ ਲਿਆ ਹੈ। ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਖ਼ਮੀ ਰਮਨਦੀਪ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਇੰਚਾਰਜ ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ 'ਤੇ ਦੋਸ਼ ਹੈ ਕਿ ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ। ਉਨ੍ਹਾਂ ਸ਼ੱਕ ਸੀ ਕਿ  ਰਮਨਦੀਪ ਕਦੇ ਵੀ ਪੁਲਿਸ ਦੇ ਕੋਲ ਉਨ੍ਹਾਂ ਦੇ ਗਿਰੋਹ ਦੇ ਭੇਤ ਖੋਲ੍ਹ ਸਕਦਾ ਹੈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਹਮਲਾਵਰ ਕਾਰ ਵਿਚ ਸਵਾਰ ਹੋ ਕੇ ਰਮਨਦੀਪ ਦਾ ਪਿੱਛਾ ਕਰਦੇ ਪੁੱਜੇ ਸੀ। ਜਦ ਉਹ ਦੁਕਾਨ ਤੋਂ ਪਕੌੜੇ ਖਰੀਦ ਰਿਹਾ ਸੀ ਹਮਲਵਾਰਾਂ ਨੇ ਉਸ ਨੂੰ ਘੇਰ ਲਿਆ ਅਤੇ ਲੋਹੇ ਦੀ ਰਾਡ ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ। ਘਟਨਾ ਸਥਾਨ ਤੋਂ ਇਹ ਵੀ ਪਤਾ ਲੱਗਾ ਕਿ ਦੋ ਲੋਕਾਂ ਨੇ ਹਮਲਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਦੇ ਬਾਅਦ ਹਮਲਾਵਰ ਜੁਤੀਵਾਲਾ ਮੋਰਾ ਮਾਰਗ ਤੋਂ ਫਰਾਰ ਹੋ ਗਏ ਸੀ।

ਹੋਰ ਖਬਰਾਂ »