ਮੁੱਲਾਂਪੁਰ ਦਾਖਾ, 10 ਮਾਰਚ (ਹ.ਬ.) : ਸਥਾਨਕ ਕਸਬੇ ਨੇੜੇ ਪੈਂਦੇ ਪਿੰਡ ਚੱਕ ਕਲਾਂ ਕੋਲੋਂ ਲੰਘਦੀ ਨਹਿਰ ਵਿਚ ਰਾਤ 8 ਵਜੇ ਦੇ ਕਰੀਬ ਸਵਿਫਟ ਕਾਰ ਡਿੱਗਣ ਨਾਲ ਕਾਰ ਵਿਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚੋਂ ਦੋ ਸਕੇ ਭਰਾ ਅਤੇ Îਇੱਕ ਚਾਚੇ ਦਾ ਮੁੰਡਾ ਸੀ। ਮ੍ਰਿਤਕਾ ਦੀ ਪਛਾਣ ਕਮਲਜੀਤ ਸਿੰਘ, ਦਵਿੰਦਰ ਸਿੰਘ ਉਰਫ ਰਿੰਕੀ (ਦੋਵੇਂ ਭਰਾ) ਪੁੱਤਰ ਬਲਜਿੰਦਰ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ ਵਾਸੀ ਪਿੰਡ ਚੱਕ ਕਲਾਂ ਵਜੋਂ ਹੋਈ। ਮ੍ਰਿਤਕ ਕਮਲਜੀਤ ਸਿੰਘ ਅਤੇ ਦਵਿੰਦਰ ਸਿੰਘ ਦਾ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਿਸ ਵਿਚ ਏਐਸਆਈ ਦੇ ਅਹੁਦੇ 'ਤੇ ਜਗਰਾਉਂ ਵਿਖੇ ਤਾਇਨਾਤ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।  ਘਟਨਾ ਸਥਾਨ ਤੋਂ ਨਿਕਲ ਰਹੇ ਬਲਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੱਕ ਕਲਾਂ ਨੇ ਕਾਰ ਨਹਿਰ ਵਿਚ ਡਿੱਗੀ ਦੇਖ ਕੇ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ ਅਤੇ ਖੁਦ ਰਾਹਗੀਰਾਂ ਦੀ ਮਦਦ ਨਾਲ ਨਹਿਰ ਵਿਚੋਂ ਡਿੱਗੀ ਕਾਰ ਵਿਚੋਂ ਨੌਜਵਾਨਾਂ ਨੂੰ ਬਾਹਰ ਕੱਢਿਆ।
ਇੰਸਪੈਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਭੂਆ ਦੇ ਲੜਕੇ ਦੀ ਬਰਾਤ ਵਿਚ ਗਏ ਸਨ ਅਤੇ ਬਰਾਤ ਤੋਂ ਵਾਪਸ ਘਰ ਆ ਗਏ ਤੇ ਫੇਰ ਵਾਪਸ ਭੂਆ ਦੇ ਘਰ ਸਵੱਦੀ ਕਲਾਂ ਜਾ ਰਹੇ ਸਨ ਅਤੇ ਜਦੋਂ ਇਹ ਨਹਿਰ ਨੇੜੇ ਪੁੱਜੇ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ ਵਿਚ ਡਿੱਗ ਗਈ।  ਸੂਚਨਾ ਮਿਲਦੇ ਹੀ ਭਾਰੀ ਗਿਣਤੀ ਵਿਚ ਪਿੰਡ ਵਾਸੀ ਨਹਿਰ 'ਤੇ ਪੁੱਜ ਗਏ ਤੇ ਬਲਜੀਤ ਸਿੰਘ ਨਾਂ ਦੇ ਤੈਰਾਕ ਨੇ ਨਹਿਰ ਵਿਚ ਉਤਰ ਕੇ ਕਾਰ ਦੇ ਸ਼ੀਸ਼ੇ ਭੰਨ ਕੇ ਤਿੰਨੋਂ ਨੌਜਵਾਨਾਂ ਨੂੰ ਕਾਰ ਵਿਚੋਂ ਬਾਹਰ ਕੱਢਿਆ ਤੇ ਹਸਪਤਾਲ ਲਿਜਾਂਦਾ।  ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। 

ਹੋਰ ਖਬਰਾਂ »

ਪੰਜਾਬ