ਨਵੀਂ ਦਿੱਲੀ, 11 ਮਾਰਚ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਫਰਾਂਸ ਵਿਚ ਸਰਕਾਰੀ ਸ਼ਨਾਖਤ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਪੱਗ ਉਤਾਰਨ ਕਹਿ ਕੇ ਉਨ•ਾਂ ਦੇ ਕੀਤੇ ਜਾਂਦੇ ਅਪਮਾਨ ਦਾ ਮੁੱਦਾ ਉਹ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਦੀ ਮੌਜੂਦਾ ਭਾਰਤ ਫੇਰੀ ਦੌਰਾਨ ਜ਼ਰੂਰ ਚੁੱਕਣਗੇ। 
ਕੇਂਦਰੀ ਮੰਤਰੀ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਨ•ਾਂ ਨੂੰ ਫਰਾਂਸ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਸਿੱਖਾਂ ਦੇ ਨੁਮਾਇੰਦਗੀ ਕਰਨ ਵਾਲੀ ਸੰਸਥਾ ਵੱਲੋਂ ਵਾਰ ਵਾਰ ਬੇਨਤੀਆਂ ਕੀਤੀਆਂ ਗਈਆਂ ਹਨ ਕਿ ਫਰਾਂਸ ਪ੍ਰਸਾਸ਼ਨ ਦਾ ਪਾਸਪੋਰਟ, ਪਹਿਚਾਣ-ਪੱਤਰ ਕਾਰਡ, ਹੈਲਥ ਕਾਰਡ, ਟਰਾਂਸਪੋਰਟ ਕਾਰਡ ਡਰਾਈਵਿੰਗ ਲਾਇਸੰਸ ਅਤੇ ਸ਼ਨਾਖਤ ਨਾਲ ਜੁੜੇ ਹੋਰ ਕੰਮਾਂ ਵਾਸਤੇ ਪੱਗਾਂ ਉਤਰਾਉਣ ਵਾਲਾ ਕਾਨੂੰਨ ਉਨ•ਾਂ ਲਈ ਭਾਰੀ ਨਮੋਸ਼ੀ ਦਾ ਸਬਬ ਬਣ ਰਿਹਾ ਹੈ। ਇਹ ਟਿੱਪਣੀ ਕਰਦਿਆਂ ਕਿ ਇਹ ਕਾਨੂੰਨ ਸਿੱਖ ਸਿਧਾਂਤਾਂ ਦੀ ਵੀ ਉਲੰਘਣਾ ਕਰਦਾ ਹੈ, ਬੀਬੀ ਬਾਦਲ ਨੇ ਕਿਹਾ ਕਿ ਸਿੱਖ ਭਾਈਚਾਰੇ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਦੀ ਪ੍ਰਭਾਵਸ਼ਾਲੀ ਅਗਵਾਈ ਥੱਲੇ ਇਹ ਮੁੱਦਾ ਹੱਲ ਹੋ ਸਕਦਾ ਹੈ। ਉਨ•ਾਂ ਕਿਹਾ ਕਿ ਇਹ ਇਸ ਲਈ ਜ਼ਰੂਰੀ ਹੈ, ਕਿਉਂਕਿ ਦੁਨੀਆਂ ਵਿਚ ਹੋਰ ਕਿਤੇ ਵੀ ਸਿੱਖਾਂ ਨਾਲ ਇਸ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ ਹੈ। ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿ ਪੱਗ ਸਿੱਖ ਪਹਿਚਾਣ ਦਾ ਅਹਿਮ ਹਿੱਸਾ ਹੈ, ਬੀਬੀ ਬਾਦਲ ਨੇ ਕਿਹਾ ਕਿ ਫਰਾਂਸ ਦੀ ਸਰਕਾਰ ਨੂੰ ਸਿੱਖ ਵਿਰਾਸਤ ਬਾਰੇ ਜਾਗਰੂਕ ਕੀਤੇ ਜਾਣ ਅਤੇ ਸਿੱਖ ਭਾਈਚਾਰੇ ਦੀਆਂ ਇਸ ਮੁੱਦੇ ਨਾਲ ਜੁੜੀਆਂ ਭਾਵਨਾਵਾਂ ਬਾਰੇ ਦੱਸੇ ਜਾਣ ਦੀ ਲੋੜ ਹੈ।

ਹੋਰ ਖਬਰਾਂ »