ਬਠਿੰਡਾ, 13 ਮਾਰਚ (ਹ.ਬ.) : ਬਠਿੰਡਾ ਪੁਲਿਸ ਵਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਗਏ ਅੱਤਵਾਦੀ ਅਮਰਜੀਤ ਸਿੰਘ ਨੇ ਅਹਿਮ ਖੁਲਾਸਾ ਕਰਦਿਆਂ ਦੱਸਿਆ ਕਿ ਉਹ ਮਨੁੱਖੀ ਬੰਬ ਬਣ ਕੇ 1984 ਦੇ ਸਿੱਖ ਦੰਗਿਆਂ ਦੇ ਮੁਲਜ਼ਮ ਅਤੇ ਸਾਬਕਾ ਐਮਪੀ ਜਗਦੀਸ਼ ਟਾਈਟਲਰ ਨੂੰ ਮਾਰਨਾ ਚਾਹੁੰਦਾ ਸੀ। ਦੱਸਣਯੋਗ ਹੈ ਕਿ ਅਮਰਜੀਤ ਸਿੰਘ ਨੂੰ ਬੀਤੀ 26 ਫਰਵਰੀ ਨੂੰ ਬਠਿੰਡਾ ਅਦਾਲਤ ਵਿਚੋਂ ਉਸ ਸਮੇਂ ਹਿਰਾਸਤ ਵਿਚ ਲਿਆ ਗਿਆ ਸੀ ਜਦੋਂ ਉਸ ਕੋਲੋਂ ਪੇਸ਼ੀ ਦੌਰਾਨ ਨਾਜਾਇਜ਼ ਪਿਸਤੌਲ ਬਰਾਮਦ ਕੀਤੀ ਗਈ। ਹੁਣ ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਸ ਨੂੰ ਇਹ ਪਿਸਤੌਲ Îਇਕ ਨਾਮੀ ਗੈਂਗਸਟਰ ਰਣਜੋਧ ਸਿੰਘ ਨੇ ਦਿੱਤੀ ਸੀ।
ਇਸ ਅੱਤਵਾਦੀ ਦੇ ਬੇਅੰਤ ਸਿੰਘ ਕਤਲ ਕਾਂਡ ਦੇ ਮੁੱਖ ਦੋਸ਼ੀ ਜਗਤਾਰ ਸਿੰਘ ਤਾਰਾ ਨਾਲ ਵੀ ਨੇੜਲੇ ਰਿਸ਼ਤੇ ਸਨ ਅਤੇ ਉਸ ਨੇ ਹੀ ਵਿਦੇਸ਼ ਤੋਂ ਬਠਿੰਡਾ ਦੇ ਇਕ ਹੋਰ ਕਾਬੂ ਕੀਤੇ ਗਏ ਅੱਤਵਾਦੀ ਰਮਨਦੀਪ ਸਿੰਘ ਸੰਨੀ ਨੂੰ ਪੈਸਾ ਮੁਹੱਈਆ ਕਰਵਾਇਆ ਸੀ। ਉਧਰ ਸਬੰਧਤ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਕੁਲਦੀਪ ਸਿੰਘ ਭੁੱਲਰ ਨੇ ਵੀ ਦੱਸਿਆ ਕਿ ਅਜੇ ਇਸ ਮਾਮਲੇ ਵਿਚ ਇਹ ਪਤਾ ਨਹੀਂ ਲੱਗਾ ਕਿ ਇਸ ਯੋਜਨਾ ਵਿਚ ਉਸ ਨਾਲ ਹੋਰ ਕੌਣ ਕੌਣ ਸ਼ਾਮਲ ਸੀ ਅਤੇ ਇਹੀ ਕਾਰਨ ਹੈ ਕਿ ਅਮਰਜੀਤ ਸਿੰਘ ਨੂੰ ਮੰਗਲਵਾਰ ਫੇਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਬਠਿੰਡਾ ਪੁਲਿਸ  ਨੇ 8 ਨਵੰਬਰ 2014 ਨੂੰ ਬੱਬਰ ਖਾਲਸਾ ਦੇ ਰਮਨਦੀਪ ਸਿੰਘ ਸੰਨੀ ਨੂੰ ਬਠਿੰਡਾ ਤੋਂ ਹੀ ਬੰਬ ਬਣਾਉਣ ਵਾਲੀ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਮੰਨਿਆ ਸੀ ਕਿ ਉਸ ਨੂੰ ਪਿੰਡ ਦਲੇਲ ਸਿੰਘ ਵਾਲਾ ਦਾ ਅਮਰਜੀਤ ਸਿੰਘ ਵਿਦੇਸ਼ ਤੋਂ ਫੰਡ ਮੁਹੱਈਆ ਕਰਾਉਣਾ ਸੀ। ਸਾਲ 2014 ਵਿਚ ਅਮਰਜੀਤ ਸਿੰਘ ਨੂੰ ਕਾਬੂ ਕੀਤਾ ਗਿਆ ਸੀ ਅਤੇ ਫੇਰ ਉਸ ਦੇ ਜਗਤਾਰ ਸਿੰਘ ਤਾਰਾ ਨਾਲ ਵੀ ਕਾਫੀ ਨੇੜਲੇ ਸਬੰਧ ਪਾਏ ਗਏ ਸਨ ਅਤੇ ਇਸ ਮਾਮਲੇ ਵਿਚ ਤਫਤੀਸ਼ ਲਈ ਬਠਿੰਡਾ ਅਦਾਲਤ ਵੀ ਲਿਆਂਦਾ ਗਿਆ ਸੀ।  ਅਜਿਹੀ ਹੀ ਪੇਸ਼ੀ ਦੌਰਾਨ ਬੀਤੇ ਦਿਨੀਂ ਅਮਰਜੀਤ ਸਿੰਘ ਤੋਂ ਬਠਿੰਡਾ ਅਦਾਲਤ ਵਿਚ ਨਾਜਾਇਜ਼ ਪਿਸਤੌਲ ਬਰਾਮਦ ਹੋਇਆ ਸੀ। ਹੁਣ ਜਦੋਂ ਬਠਿੰਡਾ ਪੁਲਿਸ ਨੇ ਅਮਰਜੀਤ ਸਿੰਘ ਤੋਂ ਪਿਸਤੌਲ ਸਬੰਧੀ ਪੁਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਪਿਸਤੌਲ ਉਸ ਨੂੰ ਕੋਠਾਗੁਰੂ ਦੇ ਰਹਿਣ ਵਾਲੇ ਗੈਂਗਸਟਰ ਰਣਜੋਧ ਸਿੰਘ ਨੇ ਮੁਹੱਈਆ ਕਰਵਾਇਆ ਸੀ।

ਹੋਰ ਖਬਰਾਂ »