ਚੰਡੀਗੜ੍ਹ, 14 ਮਾਰਚ (ਹ.ਬ.) : ਚੰਡੀਗੜ੍ਹ-ਮੋਹਾਲੀ ਹਵਾਈ ਅੱਡਾ ਰਨਵੇ ਦੀ ਮੁਰੰਮਤ ਦੇ ਚਲਦਿਆਂ 12 ਤੋਂ 31 ਮਈ ਤੱਕ ਬੰਦ ਰਹੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਹਵਾਈ ਅੱਡੇ ਦੇ ਮਾਮਲੇ 'ਤੇ ਮੰਗਲਵਾਰ ਨੂੰ ਸੁਣਵਾਈ ਪਿੱਛੋਂ ਭਾਰਤ ਸਰਕਾਰ ਦੇ ਵਕੀਲ ਚੇਤਨ ਮਿੱਤਲ ਨੇ ਇਹ ਜਾਣਕਾਰੀ ਦਿੱਤੀ ਕਿ ਕਈ ਏਅਰਲਾਈਨਾਂ ਨੇ ਅਦਾਲਤ ਵਿਚ ਕਿਹਾ ਕਿ ਮਈ ਵਿਚ ਜ਼ਿਆਦਾ ਲੋਕ ਘੁੰਮਣ ਫਿਰਨ ਜਾਂਦੇ ਹਨ ਤੇ ਇਹ ਪੀਕ ਸੀਜ਼ਨ ਹੁੰਦਾ ਹੈ। ਇਸ ਬਾਰੇ ਉਨ੍ਹਾਂ ਤੋਂ ਕਿਸੇ ਨੇ ਸਲਾਹ ਨਹੀਂ ਲਈ ਜਿਸ ਪਿੱਛੋਂ ਹਾਈ ਕੋਰਟ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੁਰੱਖਿਆ ਵੇਖਣੀ ਹੈ, ਲੋਕ ਸੁਰੱਖਿਅਤ ਰਹਿਣਗੇ ਤਾਂ ਹੀ ਘੁੰਮਣਗੇ। ਮਾਮਲੇ ਦੀ ਅਗਲੀ ਸੁਣਵਾਈ 5 ਅਪ੍ਰੈਲ ਨੂੰ ਹੋਵੇਗੀ। ਵਕੀਲ ਚੇਤਨ ਮਿੱਤਲ ਨੇ ਦੱਸਿਆ ਕਿ ਚੰਡੀਗੜ੍ਹ ਦਾ ਕੌਮਾਂਤਰੀ ਹਵਾਈ ਅੱਡਾ ਇਕ ਵਾਰ ਮੁੜ ਕੁਝ ਦਿਨਾਂ ਲਈ ਬੰਦ ਹੋਣ ਵਾਲਾ ਹੈ। ਜਿਸ ਕਾਰਨ ਲੋਕਾਂ ਨੂੰ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ।

ਹੋਰ ਖਬਰਾਂ »