ਕੋਲਕਾਤਾ, 14 ਮਾਰਚ (ਹ.ਬ.) : ਮੁਹੰਮਦ ਸ਼ਮੀ 'ਤੇ ਗੰਭੀਰ ਦੋਸ਼ ਲਾ ਕੇ ਸਨਸਨੀ ਫੈਲਾਉਣ ਵਾਲੀ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਮੰਗਲਵਾਰ ਨਾ ਕੇਵਲ ਪੱਤਰਕਾਰਾਂ ਨਾਲ ਬਦਸਲੂਕੀ ਕੀਤੀ ਬਲਕਿ ਇਕ ਫੋਟੋਗ੍ਰਾਫਰ ਦਾ ਵੀਡੀਓ ਕੈਮਰਾ ਵੀ ਤੋੜ ਦਿੱਤਾ। ਇਹ ਘਟਨਾ ਦੱਖਣੀ ਕੋਲਕਾਤਾ ਵਿਚ ਸੇਂਟ ਜੋਸਫ ਸਕੂਲ ਨੇੜੇ ਹੋਈ । ਜਾਧਵਪੁਰ ਸਥਿਤ ਰਿਹਾਈਸ਼ ਤੋਂ ਹਸੀਨ ਜਹਾਂ ਇੱਥੇ ਆਪਣੀ ਗੱਡੀ ਵਿਚੋਂ ਨਿਕਲੀ ਤੇ ਸਕੂਲ ਨੇੜੇ ਪੁੱਜੀ ਤਾਂ ਪੱਤਰਕਾਰਾਂ ਨੇ ਸਵਾਲ ਕੀਤਾ। ਇਸ 'ਤੇ ਉਹ ਮੀਡੀਆ 'ਤੇ ਏਨਾ ਭੜਕ ਗਈ ਕਿ ਉਨ੍ਹਾਂ ਨੇ ਇਕ ਕੈਮਰਾ ਮੈਨ ਦਾ ਵੀਡੀਓ ਕੈਮਰਾ ਤੋੜ ਦਿੱਤਾ। ਇਸ ਤੋਂ ਬਾਅਦ ਉਹ ਆਪਣੀ ਕਾਰ ਵਿਚ ਬੈਠੀ ਤੇ ਉੱਥੋਂ ਨਿਕਲ ਗਈ । ਦੱਸਣਾ ਬਣਦਾ ਹੈ ਕਿ ਹਸੀਨ ਨੇ ਆਪਣੇ ਸ਼ੌਹਰ ਮੁਹੰਮਦ ਸ਼ਮੀ 'ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਸ਼ਮੀ 'ਤੇ ਕਈ ਕੁੜੀਆਂ ਨਾਲ ਨਾਜ਼ਾਇਜ਼ ਸਬੰਧਾਂ ਤੇ ਘਰੇਲੂ ਹਿੰਸਾ ਦੇ ਗੰਭੀਰ ਦੋਸ਼ ਲਾਏ ਹਨ। ਉਸ ਨੇ ਇਸ ਮਾਮਲੇ ਵਿਚ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ । 19 ਮਾਰਚ ਨੂੰ ਉਸ ਨੇ ਆਪਣਾ ਬਿਆਨ ਅਲੀਪੁਰ ਅਦਾਲਤ ਵਿਚ ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾਉਣਾ ਹੈ। ਪਤਨੀ ਵੱਲੋਂ ਲਾਏ ਗਏ ਦੋਸ਼ਾਂ 'ਤੇ ਮੁਹੰਮਦ ਸ਼ਮੀ ਲਗਾਤਾਰ ਆਪਣੇ ਬਚਾਅ ਵਿਚ ਬਿਆਨ ਦੇ ਰਹੇ ਹਨ।  ਮੁਹੰਮਦ ਸ਼ਮੀ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਿਰੁੱਧ ਮਾਮਲਾ ਦਰਜ ਕਰਵਾਉਣ ਵਾਲੀ ਹਸੀਨ ਜਹਾਂ ਨੇ ਹੁਣ ਪੁਲਿਸ ਤੋਂ ਆਪਣੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਦੀ ਜਾਣਕਾਰੀ ਕੋਲਕਾਤਾ ਪੁਲਿਸ ਹੈੱਡਕੁਆਰਟਰ ਲਾਲ ਬਾਜ਼ਾਰ ਵਿਚ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ।

ਹੋਰ ਖਬਰਾਂ »