ਵਿਦੇਸ਼ 'ਚ ਪਹਿਲਾਂ ਹੀ ਕੀਤਾ ਹੋਇਆ ਸੀ ਵਿਆਹ
ਮੋਗਾ, 19 ਮਾਰਚ (ਹ.ਬ.) : ਇੰਗਲੈਂਡ ਵਿਚ ਨੌਜਵਾਨ ਦੇ ਪੱਕਾ ਹੋਣ ਦੀ ਗੱਲ ਕਹਿ ਕੇ ਵਿਆਹ ਕਰਵਾਇਆ ਗਿਆ ਲੇਕਿਨ ਵਿਆਹ ਦੇ ਕੁਝ ਦਿਨਾਂ ਬਾਅਦ ਵਿਆਹੁਤਾ ਨੂੰ ਪਤਾ ਚਲਿਆ ਕਿ ਊਸ ਦੇ ਪਤੀ ਨੂੰ ਵਿਦੇਸ਼ ਤੋਂ ਡਿਪੋਰਟ ਕਰਕੇ ਭੇਜਿਆ ਗਿਆ ਹੈ ਅਤੇ ਉਸ ਨੇ ਉਥੇ ਪਹਿਨਾਂ ਹੀ ਇੱਕ ਵਿਆਹ ਕੀਤਾ ਹੋਇਆ ਹੈ। ਇਨ੍ਹਾਂ ਗੱਲਾਂ ਦਾ ਪਤਾ ਚਲਣ 'ਤੇ ਜਦ ਉਸ ਨੇ ਵਿਰੋਧ ਕੀਤਾ ਤਾਂ ਮਾਰਕੁੱਟ ਕਰਕੇ ਚਾਰ ਮਹੀਨੇ ਪਹਿਲਾਂ ਘਰ ਤੋਂ ਕੱਢ ਦਿੱਤਾ ਗਿਆ। ਪੁਲਿਸ ਨੇ ਸਹੁਰੇ ਦੀ ਸ਼ਿਕਾਇਤ 'ਤੇ ਜਵਾਈ ਅਤੇ ਉਸ ਦੇ ਭਰਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। 
ਥਾਣਾ ਧਰਮਕੋਟ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਕਡਿਆਲ Îਨਿਵਾਸੀ ਹੁਕਮ ਸਿੰਘ ਨੇ ਐਸਐਸਪੀ ਮੋਗਾ ਨੂੰ 29 ਦਸੰਬਰ 2017 ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਉਸ ਨੇ ਅਪਣੀ ਬੇਟੀ ਕਿਰਣਦੀਪ ਕੌਰ ਦਾ ਵਿਆਹ 28 ਫਰਵਰੀ 2017 ਨੂੰ ਬਲਦੇਵ ਸਿੰਘ ਨਿਵਾਸੀ ਢੋਲੇਵਾਲਾ ਦੇ ਨਾਲ ਕੀਤਾ ਸੀ।  ਵਿਆਹ ਤੋਂ ਪਹਿਲਾਂ ਮੁੰਡੇ ਵਾਲੀ ਧਿਰ ਦੇ ਲੋਕਾਂ ਨੇ ਦੱਸਿਆ ਸੀ ਕਿ ਬਲਦੇਵ ਸਿੰਘ  ਇੰਗਲੈਂਡ ਵਿਚ ਪੱਕਾ ਹੈ ਅਤੇ ਕਿਰਣਦੀਪ ਕੌਰ ਨੂੰ ਵਿਦੇਸ਼ ਲੈ ਜਾਣ ਦੇ ਲਈ ਰੁਪਏ ਖ਼ਰਚ ਕਰਨੇ ਪੈਣਗੇ।
ਇਸ ਦੌਰਾਨ ਵਿਆਹ 'ਤੇ ਉਸ ਵਲੋਂ 15 ਲੱਖ ਰੁਪਏ ਖ਼ਰਚ ਕੀਤੇ ਗਏ। ਵਿਆਹ ਦੇ ਕੁਝ ਦਿਨਾਂ ਬਾਅਦ ਧੀ ਨੂੰ ਸਹੁਰੇ ਵਾਲਿਆਂ  ਵਲੋਂ ਵਿਦੇਸ਼ ਭੇਜਣ ਦੇ ਲਈ ਫਾਈਲ ਲਾਉਣ ਦੇ ਨਾਂ 'ਤੇ ਦੋ ਲੱਖ ਰੁਪਏ ਮੰਗੇ ਗਏ ਜੋ ਕਿ ਉਸ ਦੇ ਭਣੋਈਏ ਨੇ ਬੇਟੀ ਦੇ ਸਹੁਰੇ ਜਾ ਕੇ ਦਿੱਤੇ। ਇਸ ਤੋਂ ਬਾਅਦ 50 ਹਜ਼ਾਰ  ਰੁਪਏ ਮੰਗਣ 'ਤੇ ਬੇਟਾ ਜਾ ਕੇ ਕਿਰਣਦੀਪ ਕੌਰ ਦੇ ਸਹੁਰੇ ਦੇ ਕੇ ਆਇਆ  ਸੀ। ਇਸ ਦੇ ਬਾਵਜੂਦ ਉਕਤ ਲੋਕਾਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਸੀ। 
ਇਸੇ ਵਿਚ ਉਸ ਦੀ ਬੇਟੀ ਨੂੰ ਇੰਗਲੈਂਡ ਵਿਚ ਮਾਮਾ ਸਹੁਰੇ ਵਲੋਂ ਆਏ ਫ਼ੋਨ ਤੋਂ ਪਤਾ ਚਲਿਆ ਕਿ ਉਸ ਦੇ ਪਤੀ ਬਲਦੇਵ ਸਿੰਘ ਨੂੰ ਕਿਸੇ ਕਾਰਨ ਡਿਪੋਰਟ ਕਰਕੇ ਵਾਪਸ ਭਾਰਤ ਭੇਜਿਆ ਗਿਆ ਹੈ। ਉਹ ਹੁਣ ਵਿਦੇਸ਼ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਉਸ ਨਾਲ ਵਿਆਹ ਕਰਨ ਤੋਂ ਪਹਿਲਾਂ ਇਕ ਵਿਆਹ ਇੰਗਲੈਂਡ ਵਿਚ ਕੀਤਾ ਸੀ। ਜਦ ਉਸ ਨੇ ਇਨ੍ਹਾਂ ਗੱਲਾਂ ਦਾ ਵਿਰੋਧ ਕੀਤਾ ਤਾਂ ਅਕਤੂਬਰ ਵਿਚ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਐਸਐਸਪੀ ਨੂੰ ਸ਼ਿਕਾਇਤ ਦੇਣ 'ਤੇ ਮਾਮਲੇ ਦੀ ਜਾਂਚ ਡੀਐਸਪੀ ਨੂੰ ਸੌਂਪੀ ਗਈ। ਜਾਂਚ ਉਪਰੰਤ ਕੇਸ ਦਰਜ ਕੀਤਾ ਗਿਆ। 
 

ਹੋਰ ਖਬਰਾਂ »