ਢਾਕਾ, 19 ਮਾਰਚ (ਹ.ਬ.) : ਬੰਗਲਾਦੇਸ਼ ਦੀ ਇਕ ਅਦਾਲਤ ਨੇ ਸੂਫੀ ਦਰਗਾਹ ਦੀ ਦੇਖਭਾਲ ਕਰਨ ਵਾਲੇ ਰਹਿਮਤ ਅਲੀ ਦੀ ਹੱਤਿਆ ਵਿਚ ਸ਼ਾਮਲ ਜਮਾਤ ਉਦ ਮੁਜ਼ਾਹਿਦੀਨ ਬੰਗਲਾਦੇਸ਼ (ਜੇਐਮਬੀ) ਦੇ ਸਥਾਨਕ ਕਮਾਂਡਰ ਮਸੂਦ ਰਾਣਾ ਸਮੇਤ ਸੱਤ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਲੋਕਾਂ ਨੇ ਨਵੰਬਰ 2015 ਵਿਚ ਰਹਿਮਤ ਅਲੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। 
ਪੁਲਿਸ ਨੇ ਹਿਸ ਮਾਮਲੇ ਵਿਚ 15 ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਰੰਗਪੁਰ ਦੀ ਅਦਾਲਤ ਨੇ ਪਿਛਲੇ ਸਾਲ 16 ਅਗਸਤ ਨੂੰ ਇਸ ਮਾਮਲੇ ਵਿਚ ਦੋਸ਼ ਤੈਅ ਕਰ ਦਿੱਤੇ ਸਨ। ਅਦਾਲਤ ਨੇ ਹਾਲਾਂਕਿ ਸਥਾਨਕ ਜੇਐਮਬੀ ਨੇਤਾ ਜਹਾਂਗੀਰ ਆਲਮ ਅਤੇ ਪੰਜ ਹੋਰਾਂ ਨੂੰ ਰਿਹਾਅ ਕਰ ਦਿੱਤਾ। ਇਹ ਫ਼ੈਸਲਾ ਰੰਗਪੁਰ ਅਦਾਲਤ ਦੇ ਵਿਸ਼ੇਸ਼ ਜੱਜ ਨਰੇਸ਼ ਚੰਦਰ ਸਰਕਾਰ ਨੇ ਸੁਣਾਇਆ। ਜੇਐਮਬੀ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂਆਂ ਅਤੇ ਬਲਾਗਰਾਂ 'ਤੇ ਹੋਏ ਕਈ ਹਮਲਿਆਂ ਦਾ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਜੁਲਾਈ 2016 ਵਿਚ ਜੇਐਮਬੀ ਦੇ ਅੱਤਵਾਦੀਆਂ ਨੇ ਢਾਕਾ ਦੇ ਇਕ ਕੈਫੇ 'ਤੇ ਹਮਲਾ ਕਰਕੇ ਇੱਕ ਭਾਰਤੀ ਸਮੇਤ 22 ਬੰਧਕਾਂ ਦੀ ਹੱਤਿਆ ਕਰ ਦਿੱਤੀ ਸੀ। 
ਇਸ ਹਮਲੇ ਤੋਂ ਬਾਅਦ ਬੰਗਲਾਦੇਸ਼ ਦੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਖ਼ਿਲਾਫ਼ ਵੱਡਾ ਅਭਿਆਨ ਚਲਾਇਆ। ਇਸ ਦੇ ਤਹਿਤ ਹੁਣ ਤੱਕ ਸੌ ਤੋਂ ਜ਼ਿਆਦਾ ਅੱਤਵਾਦੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਕਈਆਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।

ਹੋਰ ਖਬਰਾਂ »