ਅਫਰੀਕਨ ਸਟੱਡੀਜ਼ ਸਟੂਡੈਂਟ ਐਸੋਸੀਏਸ਼ਨ ਨੇ ਮਹਾਤਮਾ ਗਾਂਧੀ ਉੱਤੇ ਨਸਲਵਾਦੀ ਹੋਣ ਦੇ ਲਾਏ ਦੋਸ਼, ਯੂਨੀਵਰਸਿਟੀ ਕੈਂਪਸ ’ਚੋਂ ਮੂਰਤੀ ਹਟਾਉਣ ਦੀ ਕੀਤੀ ਮੰਗ

ਔਟਵਾ, 8 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) :  ਕੈਨੇਡਾ ਦੀ ਰਾਜਧਾਨੀ ਔਟਵਾ ਦੀ ਕਾਰਲਟਨ ਯੂਨੀਵਰਸਿਟੀ ਵਿੱਚ ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਸ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਅਫਰੀਕਨ ਸਟੱਡੀਜ਼ ਸਟੂਡੈਂਟ ਐਸੋਸੀਏਸ਼ਨ ਵੱਲੋਂ ਕੀਤੀ ਜਾ ਰਹੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਕੇਨੇਥ ਅਲੀਉ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਕਾਲੇ ਲੋਕਾਂ ਪ੍ਰਤੀ ਨਸਲਵਾਦੀ ਸਨ। ਹਾਲਾਂਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਫਰੀਕਨ ਸਟੂਡੈਂਟ ਐਸੋਸੀਏਸ਼ਨ ਦੀ ਮੰਗ ਠੁਕਰਾ ਦਿੱਤੀ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਫਰੀਕੀ ਦੇਸ਼ ਘਾਨਾ ਦੀ ਯੂਨੀਵਰਸਿਟੀ ਵਿੱਚ ਵੀ ਮਹਾਤਮਾ ਗਾਂਧੀ ਦੀ ਮੂਰਤੀ ਦਾ ਵਿਰੋਧ ਕੀਤਾ ਗਿਆ ਸੀ।

ਕੇਨੇਥ ਅਲੀਉ ਦਾ ਕਹਿਣਾ ਹੈ ਕਿ ਗਾਂਧੀ ਇੱਕ ਨਸਲਵਾਦੀ ਸਨ, ਉਨ੍ਹਾਂ ਨੇ ਦੱਖਣੀ ਅਫਰੀਕਾ ਵਿੱਚ ਰਹਿ ਰਹੇ ਭਾਰਤੀਆਂ ਲਈ ਬ੍ਰਿਟਿਸ਼ ਸਰਕਾਰ ਨਾਲ ਸੰਧੀ ਕਰਵਾਈ ਸੀ ਅਤੇ ਇਸ ਦੇ ਲਈ ਗਾਂਧੀ ਨੇ ਕਾਲੇ ਲੋਕਾਂ ਵਿਰੁੱਧ ਨਸਲਵਾਦ ਨੂੰ ਇੱਕ ਹਥਿਆਰ ਦੀ ਤਰ੍ਹਾਂ ਵਰਤਿਆ ਸੀ। ਕੇਨੇਥ ਦਾ ਕਹਿਣਾ ਹੈ ਕਿ ਗਾਂਧੀ ਕਾਲੇ ਲੋਕਾਂ ਨੂੰ ਕਾਫਿਰ ਕਿਹਾ ਕਰਦਾ ਸੀ। ਦੱਖਣੀ ਅਫਰੀਕਾ ਵਿੱਚ ਰਹਿਣ ਦੌਰਾਨ ਗਾਂਧੀ ਦਾ ਕਾਲੇ ਲੋਕਾਂ ਪ੍ਰਤੀ ਨਸਲਵਾਦ ਸਾਫ਼ ਨਜ਼ਰ ਆਉਂਦਾ ਹੈ। ਕੇਨੇਥ ਨੇ ਕਿਹਾ ਕਿ ਮੂਰਤੀ ਹਟਾ ਕੇ ਇਤਿਹਾਸ ਵਿੱਚ ਹੋਈਆਂ ਗ਼ਲਤੀਆਂ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਉਸ ਉੱਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ, ਖਾਸਕਰ ਅਜਿਹੀ ਸੰਸਥਾ ਤੋਂ ਜਿਸ ਨੇ ਕਈ ਵਿਚਾਰਕ ਬਣਾਏ ਹਨ। ਦੱਸ ਦੇਈਏ ਕਿ ਮਹਾਤਮਾ ਗਾਂਧੀ ਦੀ ਆਦਮ ਕੱਦ ਮੂਰਤੀ ਗਾਂਧੀ ਜਯੰਤੀ ਦੇ ਦਿਨ ਭਾਵ 2 ਅਕਤੂਬਰ, 2011 ਨੂੰ ਓਟਵਾ ਦੀ ਕਾਰਲਟਨ ਯੂਨੀਵਰਸਿਟੀ ਵਿੱਚ ਸਥਾਪਤ ਕੀਤੀ ਗਈ ਸੀ। ਇਹ ਮੂਰਤੀ ਔਟਵਾ ਦੀ ‘ਮਹਾਤਮਾ ਗਾਂਧੀ ਪੀਸ ਕੌਂਸਲⳀ’ ਵੱਲੋਂ ਸਥਾਪਤ ਕੀਤੀ ਗਈ ਸੀ।

ਜਿਕਰਯੋਗ ਹੈ ਕਿ ਇਸ ਕੌਂਸਲ ਦਾ ਉਦੇਸ਼ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਸਿਧਾਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ। ਕਾਰਲਟਨ ਯੂਨੀਵਰਸਿਟੀ ਵਿੱਚ ਜੋ ਮੂਰਤੀ ਸਥਾਪਤ ਕੀਤੀ ਗਈ ਹੈ, ਉਹ ਭਾਰਤ ਸਰਕਾਰ ਦੇ ਇੰਡੀਅਨ ਕੌਂਸਲ ਆਫ਼ ਕਲਚਰਲ ਰਿਲੇਸ਼ੰਸ ਵੱਲੋਂ ਦਾਨ ਕੀਤੀ ਗਈ ਸੀ। ਦੂਜੇ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਮਹਾਤਮਾ ਗਾਂਧੀ ਪੀਸ ਕੌਂਸਲ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਮਹਾਤਮਾ ਗਾਂਧੀ ਦੀ ਮੂਰਤੀ ਯੂਨੀਵਰਸਿਟੀ ਕੈਂਪਸ ਵਿੱਚੋਂ ਨਹੀਂ ਹਟਾਈ ਜਾਵੇਗੀ।   

ਹੋਰ ਖਬਰਾਂ »