ਵਾਸ਼ਿੰਗਟਨ, 9 ਅਪ੍ਰੈਲ (ਹ.ਬ.) : ਉਤਰੀ ਕੋਰੀਆ ਅਤੇ ਅਮਰੀਕਾ ਦੇ ਵਿਚ ਪਰਮਾਣੂ ਹਥਿਆਰਾਂ ਦੇ ਮੁੱਦੇ 'ਤੇ ਛੇਤੀ ਹੀ ਗੱਲਬਾਤ ਹੋਵੇਗੀ। ਟਰੰਪ ਪ੍ਰਸ਼ਾਸਨ ਦੇ ਮੁਤਾਬਕ ਉਤਰੀ ਕੋਰੀਆਈ ਤਾਨਾਸ਼ਾਹ ਕਿਮ ਜੋਂਗ ਹਥਿਆਰ ਖਤਮ ਕਰਨ ਦੇ ਲਈ ਚਰਚਾ ਲਈ ਤਿਆਰ ਹਨ। ਇਸ ਗੱਲ ਦੀ ਪੁਸ਼ਟੀ ਵਾਈਟ ਹਾਊਸ ਦੇ ਇਕ ਸੀਨੀਅਰ ਅਫ਼ਸਰ ਨੇ ਕੀਤੀ। ਟਰੰਪ ਅਤੇ ਕਿਮ ਦੀ ਮੁਲਾਕਾਤ ਮਈ ਦੇ ਆਖਰ ਵਿਚ ਹੋ ਸਕਦੀ ਹੈ। ਪਿਛਲੇ ਦਿਨੀਂ ਅਮਰੀਕੀ ਰਾਸ਼ਟਰਪਤੀ ਵੀ ਇਸ ਦੇ ਲਈ ਸਹਿਮਤੀ ਜ਼ਾਹਰ ਕਰ ਚੁੱਕੇ ਹਨ।
ਤਾਨਾਸ਼ਾਹ ਕਿਮ ਪਹਿਲਾਂ ਕਹਿ ਚੁੱਕਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲਣ ਦੇ ਲਈ ਇੱਛੁਕ ਹਨ। ਨਾਲ ਹੀ ਕੋਰੀਆਈ ਪ੍ਰਾਇਦੀਪ ਵਿਚ ਪਰਮਾਣੂ ਹਥਿਆਰ ਖਤਮ ਕਰਨ ਦੇ ਲਈ ਵੀ ਗੱਲਬਾਤ ਕਰੇਗਾ। ਇਹ ਗੱਲ ਗੌਰ ਕਰਨ ਲਾਇਕ ਹੈ ਕਿ ਇਸ 'ਤੇ ਉਤਰੀ ਕੋਰੀਆ ਵਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਕਿਮ ਪਿਛਲੇ ਦਿਨੀਂ ਚੀਨ ਦਾ ਦੌਰਾ ਕਰ ਚੁੱਕਾ ਹੈ। ਇਸ ਦੌਰਾਨ ਉਸ ਦੇ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨਾਲ ਗੱਲਬਾਤ ਹੋਈ ਸੀ।
ਪਿਛਲੇ ਮਹੀਨੇ ਸਾਊਥ ਕੋਰੀਆ ਦਾ ਇੱਕ ਵਫ਼ਦ ਨਾਰਥ ਕੋਰੀਆ ਗਿਆ ਸੀ। ਜਿਸ ਤੋਂ ਬਾਅਦ ਇਹ ਵਫ਼ਦ ਅਮਰੀਕਾ ਗਿਆ ਜਿੱਥੇ ਡੈਲੀਗੇਸ਼ਨ ਨੇ ਟਰੰਪ ਨੂੰ ਕਿਹਾ ਕਿ ਕਿਮ ਨੇ ਉਨ੍ਹਾਂ ਮੀਟਿੰਗ ਦੇ ਲਈ ਸੱਦਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਇਸ ਮਤੇ ਨੂੰ ਮੰਨ ਲਿਆ। ਟਰੰਪ ਦੇ ਇਸ ਫ਼ੈਸਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ।  ਟਰੰਪ ਨੇ ਤਾਨਾਸ਼ਾਹ ਕਿਮ ਨਾਲ ਮਈ ਵਿਚ ਮਿਲਣ ਦੀ ਸਹਿਮਤੀ ਜਤਾਈ ਹੈ। ਦੋਵੇਂ ਨੇਤਾਵਾਂ ਵਿਚ ਇਹ ਪਹਿਲੀ ਮੁਲਾਕਾਤ ਹੋਵੇਗੀ।

ਹੋਰ ਖਬਰਾਂ »