ਭਾਰਤ ਦੇ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਸਮੇਤ ਕਈ ਸ਼ਖਸੀਅਤਾਂ ਹੋਈਆਂ ਜਸ਼ਨ ’ਚ ਸ਼ਾਮਲ

ਬਰੈਂਪਟਨ, 9 ਅਪ੍ਰੈਲ (ਵਿਸ਼ੇਸ਼ ਪ੍ਰਤਨਿਧ) : ਬਰੈਂਪਟਨ ਵਿਖੇ ਰਾਣਾ ਕੈਨੇਡਾ ਨੇ ਨਵਲ ਬਜਾਜ ਦੀ ਥਾਂ ਉੱਤੇ ਗਣਗੌਰ ਫੈਸਟੀਵਲ ਮਨਾਇਆ, ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਦਿਨੇਸ਼ ਭਾਟੀਆ, ਉਨ੍ਹਾਂ ਦੀ ਪਤਨੀ ਸੀਮਾ ਭਾਟੀਆ, ਰਾਣਾ ਮੈਂਬਰ, ਕਈ ਧਾਰਮਿਕ ਸੰਸਥਾਵਾਂ ਦੇ ਮੁਖੀ ਅਤੇ ਕਮਿਊਨਿਟੀ ਲੀਡਰ ਗਣਗੌਰ ਸਮਾਗਮ ਵਿੱਚ ਪੁੱਜੇ। ਪਹਿਲੀ ਪੂਜਾ ਰਵਾਇਤੀ ਤੌਰ ਉੱਤੇ ਕੀਤੀ ਗਈ। ਈਸਰ ਤੇ ਗੌਰੀ ਦੀਆਂ ਮੂਰਤੀਆਂ ਸਥਾਪਤ ਕੀਤੀਆਂ ਗਈਆਂ। ਇਸ ਮੌਕੇ ਗੀਤ ਗਾਏ ਗਏ ਤੇ ਗੌਰੀ ਨੂੰ ਉਸ ਦੇ ਪਤੀ ਦੇ ਘਰ ਵਿਦਾ ਕੀਤਾ ਗਿਆ। ਕਈ ਕੁੜੀਆਂ ਤੇ ਮਹਿਲਾਂਵਾਂ ਨੇ ਇਸ ਦੌਰਾਨ ਰਵਾਇਤੀ ਪਰਫਾਰਮੈਂਸ ਪੇਸ ਕੀਤੀਆਂ। ਇਸ ਪ੍ਰੋਗਰਾਮ ਦਾ ਅੰਤ ਦਾਲ ਬਾਟੀ, ਚੂਰਮਾ, ਗੱਟਾ, ਸਾਂਗੜੀ, ਕਾਂਜੀ ਵੜਾ, ਮੂੰਗ ਦਾਲ ਦਾ ਹਲਵਾ, ਰਬੜੀ ਤੇ ਕੁਲਫੀ ਆਦਿ ਵਰਗੇ ਰਾਜਸਥਾਨੀ ਪਕਵਾਨਾਂ ਨਾਲ ਹੋਇਆ।

ਇਸ ਮੌਕੇ ਸੰਬੋਧਨ ਕਰਦਿਆਂ ਦਿਨੇਸ਼ ਭਾਟੀਆ ਨੇ ਗਣਗੌਰ ਫੈਸਟੀਵਲ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਭਾਰਤੀ ਮੂਲ ਦੇ ਕੈਨੇਡੀਅਨ ਪ੍ਰਵਾਸੀਆਂ ਵੱਲੋਂ ਹਰ ਸਾਲ ਵੱਖ-ਵੱਖ ਸਮਾਗਮ ਕਰਵਾ ਕੇ ਆਪਣੇ ਸੱਭਿਆਚਾਰਕ ਅਤੇ ਕਦਰਾਂ-ਕੀਮਤਾਂ ਨੂੰ ਯਾਦ ਰੱਖਣ ਉੱਤੇ ਉਨ੍ਹਾਂ ਦੀ ਸ਼ਲਾਘਾ ਕੀਤੀ।

ਰਾਣਾ ਪ੍ਰਧਾਨ ਮਹਿੰਦਰਾ ਭੰਡਾਰੀ ਨੇ ਕੈਨੇਡੀਅਨ ਸਮਾਜ ਦੇ ਪੇਸ਼ੇਵਰ ਅਤੇ ਸੱਭਿਆਚਾਰਕ ਦੋਵਾਂ ਦੇ ਨਿਰਮਾਣ ’ਚ ਮੁੱਖ ਭੂਮਿਕਾ ਨਿਭਾਉਣ ਉੱਤੇ ਰਾਜਸਥਾਨੀ ਭਾਈਚਾਰੇ ਦੀ ਸਰਾਹਨਾ ਕੀਤੀ।  ਕਮਿਊਨਿਟੀ ਲੀਡਰ ਨਵਲ ਬਜਾਜ ਨੇ ਕਿਹਾ ਕਿ ਭਾਰਤੀ ਮੂਲ ਦੇ ਸਾਰੇ ਕੈਨੇਡੀਅਨ ਆਪਣੀ ਮਾਤ ਭੂਮੀ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਯਾਦ ਰੱਖਦੇ ਹੋਏ ਆਪਣੀ ਕਰਮਭੂਮੀ ਕੈਨੇਡਾ ਵਿੱਚ ਮਜ਼ਬੂਤ ਨੀਂਹ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਕਿਸਮਤ ਵਾਲੇ ਹਾਂ ਕਿ ਅਸੀਂ ਦੁਨੀਆ ਦੇ ਸਭ ਤੋਂ ਸੁੰਦਰ ਮੁਲਕ ਵਿੱਚ ਰਹਿ ਰਹੇ ਹਾਂ ਅਤੇ ਹਰ ਸਾਲ ਆਪਣੇ ਵੱਖ-ਵੱਖ ਤਿਉਹਾਰਾਂ ਦੇ ਜਸ਼ਨ ਮਨਾਉਂਦੇ ਹਾਂ। ਉਨ੍ਹਾਂ ਕਿਹਾ ਕਿ ਕੈਨੇਡਾ ਇੱਕ ਵਿਭਿੰਨਤਾ ਵਾਲਾ ਦੇਸ਼ ਹੈ, ਜਿੱਥੇ ਵਿਸ਼ਵ ਭਰ ਦੇ ਕੋਨੇ-ਕੋਨੇ ਵਿੱਚੋਂ ਆ ਕੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਵਸੇ ਹੋਏ ਹਨ।

ਹੋਰ ਖਬਰਾਂ »