ਲੰਡਨ, 13 ਅਪ੍ਰੈਲ (ਹ.ਬ.) : ਪੰਜਾਬ ਦੀ ਆਖਰੀ ਸਿੱਖ ਮਹਾਰਾਣੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਨੌਜਵਾਨ ਪਤਨੀ ਜਿੰਦ ਕੌਰ ਦੇ ਸੋਨੇ ਦੇ ਝੁਮਕਿਆਂ ਦੀ 24 ਅਪ੍ਰੈਲ ਨੂੰ ਬਰਤਾਨੀਆ ਵਿਚ ਨਿਲਾਮੀ ਹੋਵੇਗੀ। ਇਸਲਾਮਿਕ ਐਂਡ ਇੰਡੀਅਨ ਆਰਟ ਵਲੋਂ ਕੀਤੀ ਜਾਣ ਵਾਲੀ ਇਸ ਨਿਲਾਮੀ ਵਿਚ ਇਨ੍ਹਾਂ ਝੁਮਕਿਆਂ ਦੇ 20 ਤੋਂ 30 ਹਜ਼ਾਰ ਪੌਂਡ ਵਿਚ ਵਿਕਣ ਦੀ ਸੰਭਾਵਨਾ ਹੈ। ਇਸਲਾਮਿਕ ਐਂਡ ਇੰਡੀਅਨ ਆਰਟ ਦੇ ਮੁਖੀ ਓਲੀਵਰ ਵਾਈਟ ਨੇ ਦੱਸਿਆ ਕਿ ਮਹਾਰਾਣੀ ਜਿੰਦ ਕੌਰ ਦੀ ਜਿਊਲਰੀ ਵਿਚੋਂ ਇਹ ਝੁਮਕੇ ਸਭ ਤੋਂ ਜ਼ਿਆਦਾ ਸੋਹਣੇ ਹਨ। ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ 1839 ਵਿਚ ਮੌਤ ਪਿੱਛੋਂ ਜਿੰਦ ਕੌਰ ਹੀ ਉਨ੍ਹਾਂ ਦੀ ਅਜਿਹੀ ਪਤਨੀ ਸੀ ਜੋ ਸਤੀ ਹੋਈ ਸੀ। ਅੰਗਰੇਜ਼ਾਂ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਤੱਕ ਉਹ ਪੰਜਾਬ 'ਤੇ ਅਪ੍ਰਤੱਖ ਰੂਪ ਵਿਚ ਸ਼ਾਸਨ ਕਰਦੀ ਰਹੀ। ਇਤਿਹਾਸਕਾਰਾਂ ਮੁਤਾਬਕ ਮਹਾਰਾਣੀ ਦੀ ਨਿੱਜੀ ਜਾਇਦਾਦ ਨੂੰ ਜ਼ਬਤ ਕਰ ਲਿਆ ਗਿਆ ਸੀ ਜਦ ਕਿ ਸ਼ਾਹੀ ਖਜ਼ਾਨੇ ਨੂੰ ਬਰਤਾਨਵੀ ਫ਼ੌਜ ਨੇ ਲੁੱਟ ਲਿਆ ਸੀ। ਇਸ ਵਿਚ ਸ਼ਾਮਲ ਪ੍ਰਸਿੱਧ ਕੋਹਿਨੂਰ ਹੀਰਾ ਅਤੇ ਤਿਮੁਰ ਮਾਣਿਕ ਨੂੰ ਮਹਾਰਾਣੀ ਵਿਕਟੋਰੀਆ ਨੂੰ ਤੋਹਫੇ ਵਜੋਂ ਲੰਡਨ ਭੇਜ ਦਿੱਤਾ ਗਿਆ ਸੀ। ਕਈ ਸਾਲ ਬਾਅਦ 1861 ਵਿਚ ਮਹਾਰਾਣੀ ਜਿੰਦ ਕੌਰ ਜਦੋਂ ਇੰਗਲੈਂਡ ਪੁੱਜੀ ਤਾਂ ਇਨ੍ਹਾਂ ਝੁਮਕਿਆਂ ਸਮੇਤ ਉਨ੍ਹਾਂ ਦੀ ਜ਼ਿਆਦਾਤਰ ਜਿਊਲਰੀ ਉਨ੍ਹਾਂ ਨੂੰ ਮੋੜ ਦਿੱਤੀ ਗਈ ਸੀ। ਮਹਾਰਾਣੀ ਜਿੰਦ ਕੌਰ ਦੀ ਮੌਤ 1863 ਵਿਚ ਹੋਈ ਸੀ।

ਹੋਰ ਖਬਰਾਂ »