ਮਾਸਕੋ, 14 ਅਪ੍ਰੈਲ (ਹ.ਬ.) :  ਅਮਰੀਕਾ, ਬਰਤਾਨੀਆ ਅਤੇ ਫਰਾਂਸ ਨੇ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਘੱਟ ਤੋਂ ਘੱਟ ਛੇ ਧਮਾਕਿਆਂ ਨੂੰ ਅੰਜਾਮ ਦਿੱਤਾ ਹੈ। ਇਨ੍ਹਾਂ ਧਮਾਕਿਆਂ ਨਾਲ ਰਾਜਧਾਨੀ ਦਹਿਲ ਗਈ। 
ਸੀਰੀਆ ਦੇ ਸਰਕਾਰੀ ਟੀਵੀ ਨੇ ਦੱਸਿਆ ਕਿ ਹਵਾਈ ਫ਼ੌਜ ਅਮਰੀਕਾ, ਫਰਾਂਸ ਅਤੇ ਬਰਤਾਨੀਆ ਦੇ ਹਮਲਿਆਂ ਦਾ ਮੁਕਾਬਲਾ ਕਰ ਰਹੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਦਮਿਸ਼ਕ ਵਿਚ ਘੱਟ ਤੋਂ ਘੱਟ ਛੇ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਜਿਸ ਨਾਲ ਰਾਜਧਾਨੀ ਦਹਿਲ ਗਈ। ਧਮਾਕਿਆਂ ਤੋਂ ਬਾਅਦ ਕਈ ਜਗ੍ਹਾ 'ਤੇ ਕਾਲਾ ਧੂੰਆਂ ਵੀ ਉਠਦਾ ਦੇਖਿਆ ਗਿਆ। ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਦਮਿਸ਼ਕ ਦੇ ਬਰਜਾਹ ਜ਼ਿਲ੍ਹੇ ਵਿਚ ਹਮਲੇ ਹੋਏ ਹਨ।  ਸੀਰੀਆ ਦੇ ਵੱਡੇ ਵਿਗਿਆਨਕ ਖੋਜ ਕੇਂਦਰ ਬਰਜਾਹ ਵਿਚ ਹੀ ਸਥਿਤ ਹਨ। 
ਸੀਰੀਆ 'ਤੇ ਅਮਰੀਕਾ ਨੇ ਹਮਲਾ ਕਰਕੇ ਰੂਸ ਅਤੇ ਈਰਾਨ ਨੂੰ ਚਿਤਾਵਨੀ ਦਿੱਤੀ। ਇਸ ਦੇ ਜਵਾਬ ਵਿਚ ਰੂਸ ਵਲੋਂ ਕੜੀ ਪ੍ਰਤੀਕ੍ਰਿਆ ਆਈ ਹੈ। ਰੂਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ, ਫਰਾਂਸ ਅਤੇ ਬਰਤਾਨੀਆ ਨੇ ਸੀਰੀਆ 'ਤੇ ਹਮਲਾ ਕੀਤਾ ਹੈ, ਇਸ ਦਾ ਨਤੀਜਾ ਭਿਆਨਕ ਹੋ ਸਕਦਾ ਹੈ। ਰੂਸ ਨੇ Îਇਹ ਵੀ ਕਿਹਾ ਕਿ  ਤਿੰਨਾਂ ਦੇਸ਼ਾਂ ਨੂੰ ਸਮਝਣਾ ਚਾਹੀਦਾ ਕਿ ਇਸ ਹਮਲੇ ਦਾ ਨਤੀਜਾ ਯੂੱਧ ਦੇ ਰੂਪ ਵਿਚ ਵੀ ਹੋ ਸਕਦਾ ਹੈ। ਮਾਸਕੋ ਵਲੋਂ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸੀਰੀਆ 'ਤੇ ਹਮਲੇ ਵਿਚ ਰੂਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। 
ਦੱਸ ਦੇਈਏ ਕਿ ਸੀਰੀਆ 'ਤੇ ਹਮਲੇ ਬਾਰੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਇਹ ਹਮਲਾ ਰੂਸ ਦੁਆਰਾ ਸੀਰੀਆ ਦੀ ਅਸਦ ਸਰਕਾਰ ਨੂੰ ਰਸਾਇਣਕ ਹਥਿਆਰ ਦੇ ਇਸਤੇਮਾਲ ਕਰਨ ਤੋਂ ਰੋਕਣ ਵਿਚ ਅਸਫ਼ਲ ਰਹਿਣ ਦਾ ਸਿੱਧਾ ਨਤੀਜਾ ਹੈ। ਰੂਸ ਅਤੇ ਈਰਾਨ ਜਿਹੇ ਦੇਸ਼ਾਂ ਨੂੰ ਸੋਚਣਾ ਚਾਹੀਦਾ ਕਿ ਉਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਦੇਸ਼ ਦੇ ਨਾਲ ਕਿਵੇਂ ਖੜ੍ਹੇ ਹੋ ਸਕਦੇ ਹਨ। ਇਸ ਦੇ ਜਵਾਬ ਵਿਚ ਰੂਸ ਨੇ ਅਮਰੀਕਾ ਨੂੰ ਅੰਜਾਮ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਨਾਲ ਹੀ ਇਹ ਵੀ ਕਿਹਾ ਕਿ ਰੂਸ ਅਪਣੇ ਰਾਸ਼ਟਰਪਤੀ ਪੁਤਿਨ ਦਾ ਅਪਮਾਨ ਨਹੀਂ ਸਹੇਗਾ। 
ਦੱਸ ਦੇਈਏ ਕਿ ਪੂਰਵੀ ਗੁਟਾ ਦੇ ਡੁਮਾ ਵਿਚ ਹਾਲ ਹੀ ਵਿਚ ਸੀਰੀਆ ਦੁਆਰਾ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਦੇ ਕਾਰਨ ਜਾਨ ਮਾਲ ਦੀ ਭਾਰੀ ਤਬਾਹੀ ਹੋਈ ਸੀ। ਇਸ ਹਮਲੇ ਵਿਚ 70 ਤੋਂ ਜ਼ਿਆਦਾ ਲੋਕ ਮਾਰੇ ਗਏ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ਹਮਲੇ ਦੇ ਲਈ ਸੀਰੀਆਈ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਸੈਨਿਕ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਅਮਰੀਕਾ ਨੇ ਉਸ ਵਕਤ ਹੀ ਰੂਸ ਨੂੰ ਵੀ ਹਮਲੇ ਦੇ ਲਈ ਦੋਸ਼ੀ ਦੱਸਦੇ ਹੋਏ ਬਿਆਨ ਜਾਰੀ ਕੀਤਾ ਸੀ।

ਹੋਰ ਖਬਰਾਂ »