ਜਲੰਧਰ, 14 ਅਪ੍ਰੈਲ (ਹ.ਬ.) : ਸਿੱਖ ਫੋਰਮ ਇੰਟਰਨੈਸ਼ਨਲ ਵਲੋਂ ਬਰਤਾਨੀਆ ਦੀ ਸੰਸਦ ਵਿਚ ਪਹਿਲੇ ਦਸਤਾਰਧਾਰੀ ਸਿੱਖ ਸਲੋ ਤੋਂ ਸਾਂਸਦ ਤਨਮਨਜੀਤ ਸਿੰਘ ਢੇਸੀ ਨੂੰ ਸਿੱਖ ਆਫ਼ ਦ ਈਅਰ 2018 ਦੇ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਹ ਪੁਰਸਕਾਰ ਇਸ ਹਫ਼ਤੇ ਯੂਕੇ ਦੀ ਸੰਸਦ ਵਿਚ ਆਯੋਜਤ ਇੱਕ ਪ੍ਰੋਗਰਾਮ ਵਿਚ ਦਿੱਤਾ ਗਿਆ।
ਸਿੱਖ ਫੋਰਮ ਇੰਟਰਨੈਸ਼ਨਲ ਦੇ ਚੇਅਰਮੈਨ ਰਣਜੀਤ ਸਿੰਘ, ਭਾਰਤੀ ਹਾਈ ਕਮਿਸ਼ਨਰ ਵਾਈਕੇ ਸਿਨਹਾ ਅਤੇ ਲਾਰਡ ਜੌਹਨ ਸਟੀਵੰਜ ਨੇ ਉਨ੍ਹਾਂ ਐਵਾਰਡ ਦਿੱਤਾ। ਇਸ ਦੌਰਾਨ ਮਨਵੀਰ ਕੌਰ ਢੇਸੀ ਨੂੰ ਵੀ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਹਾਈ ਕਮਿਸ਼ਨਰ ਵਾਈਕੇ ਸਿਨਹਾ ਨੇ ਵਿਸਾਖੀ ਦੀ ਵਧਾਈ ਦਿੰਦੇ ਹੋਏ ਭਾਰਤ ਅਤੇ ਯੂਕੇ ਦੇ 70 ਸਾਲ ਦੇ ਰਿਸ਼ਤਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਿੱਖ ਫੋਰਮ ਇੰਟਰਨੈਸ਼ਨਲ ਵਲੋਂ ਭਾਈ ਬਾਜ ਸਿੰਘ ਪਬਲਿਕ ਸਕੂਲ ਲੁਧਿਆਣਾ ਦੇ 700 ਤੋਂ ਜ਼ਿਆਦਾ ਵਿਦਿਆਰਥੀਆਂ ਲਈ ਮੁਫ਼ਤ ਪੜ੍ਹਾਈ ਦੀ ਵੀ ਸੇਵਾ ਕੀਤੀ ਜਾਂਦੀ ਹੈ।  ਢੇਸੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਉਨ੍ਹਾਂ ਦੇ ਲਈ Îਇਕ ਯਾਦਗਾਰੀ ਪਲ ਹੈ, ਜਿਸ ਨੂੰ ਉਹ ਕਦੇ ਭੁਲਾ ਨਹੀਂ ਸਕਦੇ। ਉਨ੍ਹਾਂ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਉਹ ਸਿੱਖਾਂ ਦਾ ਮਾਣ ਸਨਮਾਨ ਯੂਕੇ ਵਿਚ ਬਰਕਰਾਰ ਰੱਖਣ। ਇਸ ਮੌਕੇ 'ਤੇ ਐਮਪੀ ਸੀਮਾ ਮਲਹੋਤਰਾ, ਡਾ. ਰੰਮੀ ਰੇਂਜਰ, ਪਰਮਜੀਤ ਸਿੰਘ ਸਚਦੇਵਾ, ਚੀਫ਼ ਕਾਂਸਟੇਬਲ ਪੁਲਿਸ ਸਟੀਵਨ ਕੋਵਨਾ, ਜਸਪਾਲ ਸਿੰਘ ਢੇਸੀ ਅਤੇ ਸੁਪਰਡੈਂਟ ਪੁਲਿਸ ਕਾਰਲ ਲਿੰਡਲੀ ਵੀ ਮੁੱਖ ਤੌਰ 'ਤੇ ਮੌਜੂਦ ਸਨ।

ਹੋਰ ਖਬਰਾਂ »

ਅੰਤਰਰਾਸ਼ਟਰੀ