ਮੋਹਾਲੀ, 16 ਅਪ੍ਰੈਲ (ਹ.ਬ.) : ਪੰਜਾਬ ਗਾਇਕ, ਡਾਇਰੈਕਟਰ ਤੇ ਐਕਟਰ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਦੇ ਦੋ ਸਾਥੀਆਂ ਨੂੰ ਮੋਹਾਲੀ ਪੁਲਿਸ ਨੇ ਫੜ ਲਿਆ। ਉਨ੍ਹਾਂ ਵਿਚੋਂ ਇਕ ਦੀ ਪਛਾਣ ਬੱਦੀ ਦੇ ਪਿੰਡ ਭੁੱਲਰਾਂਵਾਲਾ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਹੈਪੀ ਅਤੇ ਦੂਜੇ ਨੂੰ ਅੰਮ੍ਰਿਤਸਰ ਪੁਲਿਸ ਨੇ ਫੜਿਆ ਹੈ। ਜਿਸ ਦੀ ਪਛਾਣ ਭੁਪਿੰਦਰ ਸਿੰਘ ਉਰਫ ਭਿੰਦਾ ਤੇ ਡੌਨ ਦੇ ਰੂਪ ਵਿਚ ਹੋਈ ਹੈ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਪਰਮੀਸ਼ ਵਰਮਾ ਕੋਲੋਂ ਗੈਂਗਸਟਰ 25 ਲੱਖ ਰੁਪਏ ਦੀ ਮੰਗ ਕਰ ਰਹੇ ਸੀ। ਸੂਤਰਾਂ ਅਨੁਸਾਰ ਪਰਮੀਸ਼ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਹੋਈ ਸੀ। ਪੁਲਿਸ ਵਲੋਂ ਕਿਹਾ ਗਿਆ ਸੀ ਕਿ ਇਸ ਵਿਚ ਸੰਪਤ ਨਹਿਰਾ ਗੈਂਗ ਹੋ ਸਕਦਾ ਹੈ। ਅੰਮ੍ਰਿਤਸਰ ਪੁਲਿਸ ਨੇ ਭਿੰਦਾ ਨੂੰ ਫੜਨ ਦੀ ਸੂਚਨਾ ਮੋਹਾਲੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਨੇ ਫੜੇ ਗਏ ਹਰਵਿੰਦਰ ਸਿੰਘ ਹੈਪੀ ਨੂੰ ਕੋਰਟ ਵਿਚ ਪੇਸ਼ ਕਰਕੇ ਪੰਜ ਦਿਨ ਦੇ ਪੁਲਿਸ ਰਿਮਾਂਡ 'ਤੇ ਲੈ ਲਿਆ ਹੈ। ਉਸ ਕੋਲੋਂ ਸੀਆਈਏ ਵਿਚ ਪੁਛਗਿੱਛ ਕੀਤੀ ਜਾ ਰਹੀ ਹੈ। ਫੋਰਟਿਸ ਹਸਤਪਾਲ ਵਿਚ ਜ਼ੇਰੇ ਇਲਾਜ ਪਰਮੀਸ਼ ਅਤੇ ਉਨ੍ਹਾਂ ਦੇ ਦੋਸਤ ਕੁਲਵੰਤ ਸਿੰਘ ਚਹਿਲ ਦੀ ਹਾਲਤ ਵਿਚ ਸੁਧਾਰ ਹੈ। ਹਮਲੇ ਤੋਂ ਬਾਅਦ ਪਰਮੀਸ਼ ਅਤੇ ਚਹਿਲ ਦਾ ਇਲਾਜ ਹਸਪਤਾਲ ਵਿਚ ਚਲਿਆ। ਦੋਵਾਂ ਦੀ ਹਾਲਤ ਬਾਰੇ ਫੋਰਟਿਸ ਨੇ ਦੱਸਿਆ ਕਿ ਹੁਣ ਦੋਵੇਂ ਠੀਕ ਹਨ ਤੇ ਖਾਣਾ ਵੀ ਖਾ ਰਹੇ ਹਨ। ਹਸਪਤਾਲ ਵਿਚ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਪੰਜਾਬੀ ਗਾਇਕ ਤੇ ਕਲਾਕਾਰਾਂ ਦੀ ਭੀੜ ਲੱਗੀ ਰਹੀ।