ਵਾਸ਼ਿੰਗਟਨ, 16 ਅਪ੍ਰੈਲ (ਹ.ਬ.) : ਅਮਰੀਕਾ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਜਿੰਨੀ ਛੇਤੀ ਹੋ ਸਕੇ , ਅਮਰੀਕੀ ਸੈਨਿਕਾਂ ਨੂੰ ਸੀਰੀਆ ਤੋਂ ਬਾਹਰ ਕੱਢਣਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਨੇ ਇਕ ਟੀਵੀ  ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾਂ ਨੇ ਹੀ ਰਾਸ਼ਟਰਪਤੀ ਟਰੰਪ ਨੂੰ ਸੀਰੀਆ  ਤੋਂ ਅਪਣੇ ਸੈਨਿਕਾਂ ਨੂੰ ਵਾਪਸ ਬੁਲਾਉਣ ਲਈ ਰਾਜ਼ੀ ਕੀਤਾ  ਸੀ। 
ਲੇਕਿਨ ਹੁਣ ਵਾਈਟ ਹਾਊਸ ਦੀ ਅਧਿਕਾਰੀ ਸੈਂਡਰਸ ਨੇ ਕਿਹਾ ਕਿ ਅਮਰੀਕੀ ਸੈਨਿਕਾਂ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਇਹ ਸੀਰੀਆ ਵਿਚ ਅਮਰੀਕੀ ਮਿਸ਼ਨ ਵਿਚ ਕੋਈ ਬਦਲਾਅ ਨਹੀਂ ਹੈ। 
ਇਸ ਮਹੀਨੇ ਦੇ ਸ਼ੁਰੂ ਵਿਚ ਰਾਸ਼ਟਰਪਤੀ ਟਰੰਪ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਬਹੁਤ ਛੇਤੀ ਸੀਰੀਆ ਤੋਂ ਵਾਪਸੀ ਕਰਨ ਵਾਲਾ ਹੈ। ਲੇਕਿਨ ਇਸ ਦੇ ਉਲਟ ਬੀਤੇ ਸ਼ਨਿੱਚਰਵਾਰ ਅਮਰੀਕਾ ਨੇ ਬਰਤਾਨੀਆ ਅਤੇ ਫਰਾਂਸ ਦੇ ਨਾਲ ਮਿਲ ਕੇ ਸ਼ੱਕੀ ਰਸਾਇਣਕ ਹਮਲੇ ਦੇ ਜਵਾਬ ਵਿਚ ਸੀਰੀਆਈ ਸਰਕਾਰ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।
ਫਰਾਂਸ ਦੇ ਰਾਸ਼ਟਰਪਤੀ ਦਾ ਇਹ ਵੀ ਦਾਅਵਾ ਹੈ ਕਿ ਉਨ੍ਹਾਂ ਨੇ ਅਮਰੀਕਾ ਨੂੰ ਇਸ ਗੱਲ ਦੇ ਲਈ ਰਾਜ਼ੀ ਕੀਤਾ ਸੀ ਕਿ  ਹਾਲੀਆ ਹਮਲਿਆਂ ਨੂੰ ਕੁਝ ਹੀ ਟਿਕਾਣਿਆਂ ਤੱਕ ਸੀਮਤ ਰੱਖਿਆ ਜਾਵੇ। 
ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨਾਲ ਸਬੰਧ ਰੱਖਣ ਵਾਲੀ ਰੂਸ ਦੀ ਕੰਪਨੀਆਂ 'ਤੇ ਅਮਰੀਕਾ ਹੋਰ ਪਾਬੰਦੀਆਂ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਕਿ ਇਨ੍ਹਾਂ ਨਵੀਂ ਪਾਬੰਦੀਆਂ ਨੂੰ ਛੇਤੀ ਜਨਤਕ ਕੀਤਾ ਜਾਵੇਗਾ। ਨਿੱਕੀ ਹੈਲੀ ਨੇ ਉਨ੍ਹਾਂ ਖ਼ਬਰਾਂ ਤੋਂ ਵੀ ਇਨਕਾਰ ਕੀਤਾ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਸੀਰੀਆ ਤੋਂ ਅਮਰੀਕੀ  ਸੈਨਿਕਾਂ ਨੂੰ ਛੇ ਮਹੀਨੇ ਦੇ ਅੰਦਰ ਵਾਪਸ ਬੁਲਾਉਣ ਦੀ ਯੋਜਨਾ ਹੈ। ਨਿੱਕੀ ਹੈਲੀ ਨੇ ਕਿਹਾ ਕਿ ਅਮਰੀਕਾ ਸੀਰੀਆਈ ਖੇਤਰ ਵਿਚ ਇਸਲਾਮਿਕ ਸਟੇਟ ਨੂੰ ਹਰਾਉਣ ਅਤੇ ਈਰਾਨ ਦੇ ਪ੍ਰਭਾਵ ਨੂੰ ਵਧਣ ਤੋਂ ਰੋਕਣ ਦੇ ਲਈ ਵੀ ਦ੍ਰਿੜ ਹੈ। 
ਦੂਜੇ ਪਾਸੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਸੀਰੀਆ ਵਿਚ ਪੱਛਮੀ ਤਾਕਤਾਂ ਵਲੋਂ ਜੇਕਰ ਹੋਰ ਜ਼ਿਆਦਾ  ਹਮਲੇ ਕੀਤੇ ਗਏ ਤਾਂ ਇਸ ਨਾਲ ਕੌਮਾਂਤਰੀ ਜਗਤ ਵਿਚ ਹਾਹਾਕਾਰ ਮਚ ਜਾਵੇਗੀ। ਈਰਾਨ ਦੇ ਰਾਸ਼ਟਰਪਤੀ ਦੇ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਸੀਰੀਆਈ ਸਰਕਾਰ ਦੇ ਦੋਵੇਂ ਸਹਿਯੋਗੀਆਂ ਨੇ ਇਸ ਗੱਲ 'ਤੇ ਸਮਿਹਤੀ ਜਤਾਈ ਕਿ ਪੱਛਮੀ ਤਾਕਤਾਂ ਦੇ ਹਮਲੇ ਕਾਰਨ ਸੀਰੀਆ ਵਿਚ ਸਿਆਸੀ ਹੱਲ ਦੀ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। 

ਹੋਰ ਖਬਰਾਂ »