ਭੀਖੀ, 18 ਅਪ੍ਰੈਲ (ਹ.ਬ.) : ਪਿੰਡ ਕੋਟੜਾ ਕਲਾਂ ਵਿਖੇ ਟਰੈਕਟਰ ਟਰਾਲੀ ਤੇ ਛੋਟੇ ਹਾਥੀ ਦੀ ਟੱਕਰ ਹੋਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮਾਰੇ ਗਏ ਵਿਅਕਤੀਆਂ ਵਿਚ ਪਿਉ-ਪੁੱਤ ਸ਼ਾਮਲ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਤਲਵੰਡੀ ਦੇ ਮੇਲੇ ਤੋਂ ਫੜੀ ਲਗਾ ਕੇ ਕੁਝ ਲੋਕ ਛੋਟੇ ਹਾਥੀ ਵਿਚ ਵਾਪਸ ਅਪਣੇ ਘਰਾਂ ਨੂੰ ਪਰਤ ਰਹੇ ਸੀ। ਇਸੇ ਦੌਰਾਨ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਟਰੈਕਟਰ ਟਰਾਲੀ ਨਾਲ ਛੋਟੇ ਹਾਥੀ ਦੀ ਟੱਕਰ ਹੋ ਗਈ।
ਸੜਕ ਹਾਦਸੇ ਵਿਚ ਬਲਦੇਵ ਸਿੰਘ ਵਾਸੀ ਸੰਗਰੂਰ ਤੇ ਉਸ ਦੇ ਪੁੱਤਰ ਪ੍ਰਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਲਾਲੂ ਵਾਸੀ ਸੰਗਰੂਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਨੂੰ ਮਾਨਸਾ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ। ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਵੀ ਹਸਪਤਾਲ ਵਿਚ ਦਮ ਤੋੜ ਦਿੱਤਾ।  ਭੀਖੀ ਪੁਲਿਸ ਨੇ ਪਰਮਜੀਤ ਸਿੰਘ ਵਾਸੀ ਨਾਭਾ ਦੇ ਬਿਆਨਾਂ 'ਤੇ ਟਰੈਕਟਰ ਚਾਲਕ ਕੁਲਵੰਤ ਸਿੰਘ ਵਾਸੀ ਲੱਧੂਵਾਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 

ਹੋਰ ਖਬਰਾਂ »