3 ਏਕੇ ਰਾਈਫਲ ਅਤੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ

ਸ੍ਰੀਨਗਰ, 5 ਮਈ (ਹਮਦਰਦ ਨਿਊਜ਼ ਸਰਵਿਸ) :  ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਛੱਤਾਬਲ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸੁਰੱਖਿਆ ਦਸਤਿਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੁਰੱਖਿਆ ਦਸਤਿਆਂ ਨੇ ਛੱਤਾਬਲ ਵਿੱਚ ਹੋਏ ਮੁਕਾਬਲੇ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮ੍ਰਿਤਕਾਂ ਕੋਲੋਂ 3 ਏਕੇ ਰਾਈਫਲ ਅਤੇ ਭਾਰੀ ਮਾਤਰਾ ਵਿੱਚ ਗੋਲਾ ਬਾਰੂਦ ਬਰਾਮਦ ਹੋਇਆ ਹੈ। ਮੁਕਾਬਲੇ ਵਾਲੀ ਥਾਂ ਸੁਰੱਖਿਆ ਕਰਮੀਆਂ ਨਾਲ ਝੜਪ ਦੌਰਾਨ ਕਥਿਤ ਤੌਰ ਉੱਤੇ ਇੱਕ ਸਥਾਨਕ ਨਾਗਰਿਕ ਦੀ ਵੀ ਮੌਤ ਹੋ ਗਈ।
ਛੱਤਾਬਲ ਇਲਾਕੇ ਵਿੱਚ ਗੋਲੀਬਾਰੀ ਤੋਂ ਬਾਅਦ ਸੁਰੱਖਿਆ ਦਸਤੇ ਤੁਰੰਤ ਸਰਗਰਮ ਹੋ ਗਏ। ਮੌਕੇ ਉੱਤੇ ਪਹੁੰਚੀ ਟੁਕੜੀ ਨੇ ਮੋਰਚਾ ਸੰਭਾਲਿਆ ਅਤੇ ਸਰਚ ਅਪ੍ਰੇਸ਼ਨ ਸ਼ੁਰੂ ਕਰ ਦਿੱਤਾ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਮੁਕਾਬਲੇ ਦੌਰਾਨ ਸੀਆਰਪੀਐਫ ਦੇ ਦੋ ਅਧਿਕਾਰੀਆਂ ਨੂੰ ਗੋਲੀ ਲੱਗੀ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਛੱਤਾਬਲ ਅਤੇ ਉਸ ਦੇ ਨੇੜਲੇ ਇਲਾਕੇ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਵਿੱਚ ਜੁਟੇ ਸੁਰੱਖਿਆ ਦਸਤਿਆਂ ਉੱਤੇ ਪਥਰਾਅ ਕੀਤਾ ਗਿਆ ਸੀ, ਜਿਸ ਕਾਰਨ ਉੱਥੇ ਝੜਪ ਹੋ ਗਈ। ਝੜਪ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਦੇ ਇੱਕ ਬੁਲਾਰੇ ਨੇ ਕਿਹਾ ਕਿ ਆਦਿਲ ਅਹਿਮਦ ਯਾਦੂ ਨੂੰ ਐਸਐਮਐਚਐਸ ਹਸਪਤਾਲ ਲਿਆਂਦਾ ਗਿਆ ਸੀ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੱਸ ਦੇਈਏ ਕਿ ਛੱਤਾਬਲ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਬਾਅਦ ਉੱਥੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਉੱਥੇ ਛੁਪੇ ਅੱਤਵਾਦੀਆਂ ਦੇ ਸੁਰੱਖਿਆ ਦਸਤਿਆਂ ਉੱਤੇ ਗੋਲੀਆਂ ਚਲਾਉਣ ਨਾਲ ਮੁਕਾਬਲੇ ਸ਼ੁਰੂ ਹੋ ਗਿਆ। ਸੁਰੱਖਿਆ ਕਰਮੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਤੋਂ ਬਾਅਦ ਹੀ ਸ੍ਰੀਨਗਰ ਵਿੱਚ ਮੋਬਾਇਲ-ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਹੋਰ ਖਬਰਾਂ »