ਬਰਤਾਨੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀ ਉੱਤੇ ਲੱਗੇ ਪਤਨੀ ਦੇ ਕਤਲ ਦੇ ਦੋਸ਼

ਲੰਡਨ, 10 ਮਈ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਵਿੱਚ ਪੰਜਾਬੀ ਮੂਲ ਦੇ ਇੱਕ ਕਾਰੋਬਾਰੀ ਉੱਤੇ ਪਤਨੀ ਦੇ ਕਤਲ ਦੇ ਦੋਸ਼ ਲੱਗੇ ਹਨ। ਤਿੰਨ ਮਹੀਨੇ ਪਹਿਲਾਂ ਸਰਬਜੀਤ ਕੌਰ ਨਾਂ ਦੀ ਔਰਤ ਦੀ ਲਾਸ਼ ਉਦਯੋਗਿਕ ਸ਼ਹਿਰ ਵਾਲਵਰਹੈਂਪਟਨ ਸਥਿਤ ਉਸ ਦੇ ਘਰ ਵਿੱਚੋਂ ਮਿਲੀ ਸੀ।

ਬਰਮਿੰਘਮ ਮੈਜਿਸਟਰੇਟ ਕੋਰਟ ਨੇ ਬੁੱਧਵਾਰ ਨੂੰ ਗੁਰਪ੍ਰੀਤ ਸਿੰਘ (42 ਸਾਲ) ਉੱਤੇ ਕਤਲ ਦੇ ਦੋਸ਼ ਤੈਅ ਕਰ ਦਿੱਤੇ। ਮਾਮਲੇ ਦੀ ਜਾਂਚ ਨਾਲ ਜੁੜੇ ਵੈਸਟ ਮਿਡਲੈਂਡਸ ਪੁਲਿਸ ਦੇ ਇੰਸਪੈਕਟਰ ਕ੍ਰਿਸ ਮੈਲੇਟ ਨੇ ਕਿਹਾ ਕਿ ਕਤਲ ਦੇ ਇਸ ਮਾਮਲੇ ਨੇ ਸਥਾਨਕ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ। ਜਾਂਚ ਟੀਮ ਸਹੀ ਦਿਸ਼ਾ ਵਿੱਚ ਅੱਗੇ ਵਧੀ। ਇਹ ਮਹੱਤਵਪੂਰਨ ਕਦਮ ਹੈ।  

ਕ੍ਰਿਸ ਮੈਲੇਟ ਨੇ ਕਿਹਾ 38 ਸਾਲਾ ਸਰਬਜੀਤ ਕੌਰ ਬੀਤੀ 16 ਫਰਵਰੀ ਨੂੰ ਆਪਣੇ ਘਰ ਵਿੱਚੋਂ ਮ੍ਰਿਤਕ ਮਿਲੀ ਸੀ।  ਪੋਸਟ ਮਾਰਟਮ ਦੀ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਸਰਬਜੀਤ ਕੌਰ ਦੀ ਮੌਤ ਦਮ ਘੁਟਣ ਕਾਰਨ ਹੋਈ ਸੀ।  ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਵਾਲਵਰਹੈਂਪਟਨ ਵਿੱਚ ਢਾਂਡਾ ਪ੍ਰਾਪਰਟੀਜ਼ ਦਾ ਮਾਲਕ ਹੈ।  ਇੰਸਪੈਕਟਰ ਕ੍ਰਿਸ ਮੈਲੇਟ ਨੇ ਦੱਸਿਆ ਕਿ ਸਰਬੀਤ ਕੌਰ ਦਾ ਕਤਲ ਉਸ ਦੇ ਘਰ ਵਿੱਚ ਹੀ ਕੀਤਾ ਗਿਆ ਸੀ, ਜੋ ਕਿ ਹੈਰਾਨ ਕਰਨ ਵਾਲਾ ਮਾਮਲਾ ਹੈ। ਇਸ ਤਰ੍ਹਾਂ ਦੇ ਕੇਸ ਇਸ ਖੇਤਰ ਵਿੱਚ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਾਂਚ ਟੀਮ ਦੇ ਅਧਿਕਾਰੀ ਇਸ ਕਤਲ ਦੀ ਪੂਰੀ ਗੰਭੀਰਤਾ ਨਾਲ ਜਾਂਚ-ਪੜਤਾਲ ਕਰ ਰਹੇ ਹਨ। ਇਸ ਦੇ ਲਈ ਜਿੰਮੇਵਾਰ ਵਿਅਕਤੀਆਂ ਦਾ ਪਤਾ ਲਾਉਣ ਦਾ ਯਤਨ ਕਰ ਰਹੇ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ