ਯੇਰੂਸ਼ਲਮ, 14 ਮਈ (ਹਮਦਰਦ ਨਿਊਜ਼ ਸਰਵਿਸ) : ਯੇਰੂਸ਼ਲਮ ਵਿੱਚ ਸੋਮਵਾਰ ਨੂੰ ਅਮਰੀਕੀ ਸਫਾਰਤਖਾਨੇ ਦੇ ਉਦਘਾਟਨ ਤੋਂ ਪਹਿਲਾਂ ਹੀ ਗਾਜਾ ਪੱਟੀ ਵਿੱਚ ਹਿੰਸਕ ਝੜਪ ਹੋਈ ਅਤੇ ਇਜ਼ਰਾਈਲੀ ਗੋਲੀਬਾਰੀ ਵਿੱਚ ਲਗਭਗ 37 ਫਲਸਤੀਨੀ ਮਾਰੇ ਗਏ ਅਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ। ਗਾਜਾ ਦੇ ਸਿਹਤ ਮੰਤਰਾਲੇ ਮੁਤਾਬਕ ਵਾਈਟ ਹਾਊਸ ਦੇ ਨੁਮਾਇੰਦੇ ਅਤੇ ਇਜ਼ਰਾਈਲੀ ਅਧਿਕਾਰੀ ਉਦਘਾਟਨ ਪ੍ਰੋਗਰਾਮ ਲਈ ਪਹੁੰਚਣ ਵਾਲੇ ਸਨ। ਇਸੇ ਵਿਚਕਾਰ ਗਾਜਾ ਵਿੱਚ ਝੜਪ ਹੋਣ ਕਾਰਨ ਕਈ ਲੋਕਾਂ ਦੇ ਮਾਰੇ ਜਾਣ ਤੋਂ ਬਿਨਾ 500 ਤੋਂ ਵੱਧ ਫਲਸਤੀਨੀ ਜ਼ਖ਼ਮੀ ਹੋ ਗਏ।

ਮੰਤਰਾਲੇ ਅਨੁਸਾਰ ਮਾਰੇ ਗਏ ਲੋਕਾਂ ਵਿੱਚ 14 ਸਾਲਾ ਇੱਕ ਬੱਚਾ ਵੀ ਸ਼ਾਮਲ ਹੈ। ਵਿਰੋਧ ਲਈ ਹਜਾਰਾਂ ਲੋਕ ਸਰਹੱਦ ਉੱਤੇ ਪਹੁੰਚੇ ਸਨ। ਇਸ ਵਿਚਕਾਰ ਕੁਝ ਲੋਕ ਪਥਰਾਅ ਕਰਦੇ ਹੋਏ ਕੰਡਿਆਲੀ ਤਾਰ ਦੇ ਨਜ਼ਦੀਕ ਪਹੁੰਚ ਗਏ ਅਤੇ ਉਹ ਉਸ ਨੂੰ ਪਾਰ ਕਰਨ ਦਾ ਯਤਨ ਕਰਨ ਲੱਗੇ। ਇਸ ਥਾਂ ਉੱਤੇ ਇਜ਼ਰਾਈਲੀ ਸੁਰੱਖਿਆ ਕਰਮੀਆਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਇਜ਼ਰਾਈਲੀ ਫੌਜ ਨੇ ਕਿਹਾ ਕਿ ਲਗਭਗ 1000 ਹਿੰਸਕ ਪ੍ਰਦਰਸ਼ਨਕਾਰੀ ਗਾਜਾ ਪੱਟੀ ਸਰਹੱਦ ਨੇੜੇ ਥਾਂ-ਥਾਂ ਜਮਾ ਹੋ ਗਏ ਸਨ ਅਤੇ ਸੁਰੱਖਿਆ ਤਾਰ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਹਜਾਰਾਂ ਹੋਰ ਖੜ੍ਹੇ ਸਨ।

ਇਜ਼ਰਾਈਲੀ ਫੌਜ ਨੇ ਕਿਹਾ ਕਿ ਫੌਜ ਦੇ ਜਵਾਨ ਦੰਗਾਕਾਰੀਆਂ ਨੂੰ ਭਜਾਉਣ ਲਈ ਯਤਨ ਕਰ ਰਹੇ ਸਨ। ਇਸੇ ਦੌਰਾਨ ਝੜਪ ਹੋ ਗਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 6 ਦਸੰਬਰ ਨੂੰ ਇਸ ਵਿਵਾਦਗ੍ਰਸਤ ਸ਼ਹਿਰ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੀ ਸੀ। ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਜੌਨ ਸੁੱਲੀਵਾਨ ਸਫਾਰਤਖਾਨੇ ਦਾ ਉਦਘਾਟਨ ਕਰਨ ਦੇ ਸਿਲਸਿਲੇ ਵਿੱਚ ਆਏ ਅਮਰੀਕੀ ਨੁਮਾਇੰਦਾ ਮੰਡਲ ਦੀ ਅਗਵਾਈ ਕਰਨਗੇ। ਨੁਮਾਇੰਦਾ ਮੰਡਲ ਵਿੱਚ ਟਰੰਪ ਦੀ ਧੀ ਇਵਾਂਕਾ, ਉਸ ਦੇ ਪਤੀ ਜਾਰੇਡ ਕੁਸ਼ਨਰ, ਵਿੱਤ ਮੰਤਰੀ ਸਟੀਵਨ ਨਿਊਚਿਨ ਸ਼ਾਮਲ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ