ਵਾਸ਼ਿੰਗਟਨ, 15 ਮਈ (ਹ.ਬ.) : ਅਮਰੀਕਾ ਨੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜੇਕਰ ਉਤਰ ਕੋਰੀਆ ਪਰਮਾਣੂ ਹਥਿਆਰ ਖਤਮ ਕਰਦਾ ਹੈ ਤਾਂ ਅਮਰੀਕਾ ਕਿਮ ਜੋਂਗ ਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿੰਦਾ ਹੈ। ਸਿੰਗਾਪੁਰ ਵਿਚ 12 ਜੂਨ  ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਕਿਮ ਦੇ ਵਿਚ ਹੋਣ ਵਾਲੀ ਇਤਿਹਾਸਕ ਬੈਠਕ ਤੋਂ ਪਹਿਲਾਂ ਪੋਂਪੀਓ ਦਾ ਇਹ ਬਿਆਨ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਪੋਂਪੀਓ ਨੇ ਇਸ ਦੇ ਨਾਲ ਹੀ ਕਿਹਾ, ਪਿਛਲੇ 25 ਸਾਲਾਂ ਤੋਂ ਸਾਡੇ ਵਪਾਰਕ ਰਿਸ਼ਤੇ ਬੰਦ ਹਨ। ਉਤਰ ਕੋਰੀਆ ਦੇ ਨੇਤਾਵਾਂ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਅਮਰੀਕੀ ਰਾਸ਼ਟਰਪਤੀ ਨਾਲ ਅਜਿਹੀ ਵਾਰਤਾ ਹੋ ਸਕਦੀ ਹੈ। ਲੇਕਿਨ ਅੱਜ ਅਸੀਂ ਇਸ ਸਥਿਤੀ ਵਿਚ ਹਾਂ। ਹਾਲ ਵਿਚ ਉਤਰ ਕੋਰੀਆ ਦਾ ਦੌਰਾ ਕਰਨ ਵਾਲੇ ਪੋਂਪੀਓ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਕਿਮ ਪਰਮਾਣੂ ਹਥਿਆਰ 'ਤੇ ਠੋਸ ਫ਼ੈਸਲਾ ਲੈਣ ਦੇ ਲਈ ਤਿਆਰ ਹਨ ਤਾਂ ਅਮਰੀਕਾ ਅਤੇ ਦੱਖਣੀ ਕੋਰੀਆ ਮਿਲ ਕੇ ਉਤਰ ਕੋਰੀਆ ਦੀ ਆਰਥਿਕ ਮਦਦ ਕਰਨਗੇ। ਪੋਂਪੀਓ ਨੇ ਕਿਹਾ ਕਿ ਹੁਣ ਇਸ ਪ੍ਰਕਿਰਿਆ ਨੂੰ ਅਗਲੇ ਪੜਾਅ ਵਿਚ ਲੈ ਜਾਣ ਦਾ ਸਾਰਾ ਦਾਰੋਮਦਾਰ ਦੋਵੇਂ ਦੇਸ਼ਾਂ ਦੇ ਮੋਢਿਆਂ 'ਤੇ ਹੈ। ਉਨ੍ਹਾਂ ਨੇ ਉਤਰ ਕੋਰੀਆ ਦੇ ਉਸ ਬਿਆਨ ਨੂੰ ਵੀ ਸਰਾਹਿਆ ਜਿਸ ਵਿਚ ਉਨ੍ਹਾਂ ਨੇ ਅਪਣੇ ਪਰਮਾਣੂ ਪ੍ਰੀਖਣ ਸਥਾਨ ਨੂੰ ਨਸ਼ਟ ਕਰਨ ਦੀ ਗੱਲ ਕਹੀ ਸੀ।
 

ਹੋਰ ਖਬਰਾਂ »

ਅੰਤਰਰਾਸ਼ਟਰੀ